ਟੀਕਾਕਰਨ ਟੀਮ ਨਾਲ ਗਲਤ ਰਵੱਈਆ ਕਰਨ ਵਾਲੇ ਮਲਾਹ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
Friday, Jan 21, 2022 - 06:50 PM (IST)
ਬਲੀਆ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਰੇਵਤੀ ਥਾਣਾ 'ਚ ਕੋਰੋਨਾ ਟੀਕਾਕਰਨ ਦੌਰਾਨ ਇਕ ਮਲਾਹ ਵਲੋਂ ਟੀਕਾਕਰਨ ਕਰਨ ਗਈ ਟੀਮ ਨਾਲ ਗਲਤ ਰਵੱਈਆ ਅਤੇ ਹੱਥੋਪਾਈ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਦੋਸ਼ੀ ਮਲਾਹ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਰੇਵਤੀ ਦੇ ਬਲਾਕ ਵਿਕਾਸ ਅਧਿਕਾਰੀ ਅਤੁਲ ਕੁਮਾਰ ਦੁਬੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 2 ਦਿਨ ਪੁਰਾਣੇ ਵੀਡੀਓ 'ਚ ਦਿਖਾਈ ਦੇ ਰਿਹਾ ਨੌਜਵਾਨ ਇਸੇ ਖੇਤਰ ਦਾ ਮਲਾਹ ਹੈ, ਜੋ ਸਰਊ ਨਦੀ 'ਚ ਕਿਸ਼ਤੀ ਚਲਾਉਂਦਾ ਹੈ ਅਤੇ ਲੋਕਾਂ ਨੂੰ ਨਦੀ ਦੇ ਰਸਤੇ ਕਿਸ਼ਤੀ ਤੋਂ ਲਿਆਉਣ ਅਤੇ ਲਿਜਾਉਣ ਦਾ ਕੰਮ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਟੀਕਾਕਰਨ ਟੀਮ ਜਦੋਂ ਸਰਊ ਨਦੀ ਦੇ ਤੱਟ 'ਤੇ ਪਹੁੰਚੀ ਤਾਂ ਉਹ ਟੀਮ ਨਾਲ ਗਲਤ ਰਵੱਈਆ ਅਤੇ ਹੱਥੋਪਾਈ ਕਰਨ ਲੱਗਾ। ਐਡੀਸ਼ਨਲ ਪੁਲਸ ਸੁਪਰਡੈਂਟ ਵਿਜੇ ਤ੍ਰਿਪਾਠੀ ਨੇ ਦੱਸਿਆ ਕਿ ਦੋਸ਼ੀ ਮਲਾਹ ਵਿਪਿਨ ਯਾਦਵ ਭੱਚਰ ਕਟਹਾ ਪਿੰਡ ਦਾ ਰਹਿਣ ਵਾਲਾ ਹੈ, ਜਿਸ ਨੂੰ ਟੀਕਾਕਰਨ ਟੀਮ ਨਾਲ ਗਲਤ ਰਵੱਈਆ ਕਰਨ ਦੇ ਦੋਸ਼ 'ਚ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਇਕ ਹੋਰ ਵੀਡੀਓ 2 ਦਿਨ ਪਹਿਲਾਂ ਵਾਇਰਲ ਹੋਇਆ ਸੀ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਟੀਕਾਕਰਨ ਟੀਮ ਦੇ ਪਹੁੰਚਣ 'ਤੇ ਇਕ ਨੌਜਵਾਨ ਦਰੱਖਤ 'ਤੇ ਚੜ੍ਹ ਗਿਆ। ਟੀਕਾਕਰਨ ਟੀਮ ਦੇ ਕਾਫ਼ੀ ਕੋਸ਼ਿਸ਼ ਤੋਂ ਬਾਅਦ ਨੌਜਵਾਨ ਦਰੱਖਤ ਤੋਂ ਹੇਠਾਂ ਉਤਾਰਿਆ ਗਿਆ ਅਤੇ ਟੀਕਾ ਲਗਾਇਆ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ