ਸੜਕ ''ਤੇ ਨਮਾਜ਼ ਪੜ੍ਹਨ ''ਤੇ ਪੁਲਸ ਦੀ ਵੱਡੀ ਕਾਰਵਾਈ, 200 ਲੋਕਾਂ ਖਿਲਾਫ਼ ਕੇਸ ਦਰਜ
Saturday, Apr 13, 2024 - 03:34 PM (IST)
ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਈਦ ਦੇ ਮੌਕੇ ਸੜਕ 'ਤੇ ਅਦਾ ਕੀਤੀ ਗਈ ਨਮਾਜ਼ ਦੇ ਮਾਮਲੇ ਵਿਚ ਪੁਲਸ ਨੇ 200 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸੀਨੀਅਰ ਪੁਲਸ ਅਧਿਕਾਰੀ ਰੋਹਿਤ ਸਿੰਘ ਸਜਵਾਣ ਨੇ ਕਿਹਾ ਕਿ ਘਟਨਾ ਦੀ ਵੀਡੀਓ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਵੀਰਵਾਰ ਨੂੰ ਈਦਗਾਹ ਵਿਚ ਨਮਾਜ਼ੀਆਂ ਦੀ ਗਿਣਤੀ ਪੂਰੀ ਹੋਣ 'ਤੇ ਲੋਕਾਂ ਨੇ ਸੜਕ 'ਤੇ ਬੈਠ ਕੇ ਨਮਾਜ਼ ਅਦਾ ਕੀਤੀ। ਸ਼ਾਹੀ ਈਦਗਾਹ ਵਿਚ ਸੜਕ 'ਤੇ ਨਮਾਜ਼ ਅਦਾ ਕਰਨ ਤੋਂ ਰੋਕਣ 'ਤੇ ਨਮਾਜ਼ੀਆਂ ਅਤੇ ਪੁਲਸ ਵਿਚਾਲੇ ਵਿਵਾਦ ਵੀ ਹੋਇਆ ਸੀ।
ਘਟਨਾ ਦੇ ਅਗਲੇ ਦਿਨ ਯਾਨੀ ਕਿ 12 ਅਪ੍ਰੈਲ ਨੂੰ ਰੇਲਵੇ ਰੋਡ ਥਾਣੇ ਦੇ ਸਬ ਇੰਸਪੈਕਟਰ ਰਾਮਔਤਾਰ ਸਿੰਘ ਦੀ ਸ਼ਿਕਾਇਤ 'ਤੇ 100-200 ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਕਿ ਪੁਲਸ ਵਲੋਂ ਮਨਾ ਕੀਤੇ ਜਾਣ ਦੇ ਉਪਰੰਤ ਵੀ ਅਣਪਛਾਤੇ ਨਮਾਜ਼ੀਆਂ ਨੇ ਸੜਕ 'ਤੇ ਨਮਾਜ਼ ਅਦਾ ਕੀਤੀ, ਜਿਸ ਨਾਲ ਸੜਕ 'ਤੇ ਆਵਾਜਾਈ ਠੱਪ ਹੋ ਗਈ।