POK ਸਾਡਾ, ਭਵਿੱਖ ''ਚ ਆਪਣੇ ਕੰਟਰੋਲ ''ਚ ਲੈ ਸਕਦਾ ਹੈ ਭਾਰਤ : ਰਾਜਨਾਥ ਸਿੰਘ
Sunday, May 31, 2020 - 02:29 AM (IST)
ਨਵੀਂ ਦਿੱਲੀ - ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ-ਚੀਨ ਸਰਹੱਦ 'ਤੇ ਤਣਾਅ ਵਿਚਾਲੇ ਪਾਕਿਸਤਾਨ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੀ. ਓ. ਕੇ. ਦੇਸ਼ ਦਾ ਹਿੱਸਾ ਹੈ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਵਿਚ ਭਾਰਤ ਉਸ 'ਤੇ ਕਬਜ਼ਾ ਕਰ ਲਵੇ। ਜਦ ਰਾਜਨਾਥ ਸਿੰਘ ਤੋਂ ਪੁੱਛਿਆ ਗਿਆ ਕਿ ਮੌਸਮ ਬੁਲੇਟਿਨ ਵਿਚ ਸ਼ਾਮਲ ਹੋਣ ਵਾਲਾ ਪੀ. ਓ. ਕੇ. ਕੀ ਕਦੇ ਭਾਰਤ ਦੇ ਨਕਸ਼ੇ ਵਿਚ ਸ਼ਾਮਲ ਹੋ ਸਕਦਾ ਹੈ, ਤਾਂ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਹਨ - ਹਾਂ, ਇਹ ਕਦੋਂ ਹੋਵੇਗਾ, ਕਿਵੇਂ ਹੋਵੇਗਾ ਅਤੇ ਅਜੇ ਇਹ ਨਹੀਂ ਕਿਹਾ ਜਾ ਸਕਦਾ।
ਇਸ ਤੋਂ ਇਲਾਵਾ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਹੋਂਦ ਹੀ ਭਾਰਤੀ ਵਿਰੋਧੀ ਹੈ। ਉਹ ਕਹਿੰਦੇ ਹਨ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਹੈ। ਬਿਨਾਂ ਕਿਸੇ ਕਾਰਨ ਐਲ. ਓ. ਸੀ. 'ਤੇ ਗੋਲੀਬਾਰੀ ਕਰਦਾ ਰਹਿੰਦਾ ਹੈ, ਜਿਸ ਦਾ ਭਾਰਤ ਵੱਲੋਂ ਕਰਾਰਾ ਜਵਾਬ ਦਿੱਤਾ ਜਾਂਦਾ ਹੈ। ਅਸੀਂ ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਕਰਾਰ ਜਵਾਬ ਦਿੱਤਾ ਹੈ। ਉਧਰ, ਚੀਨ ਦੇ ਨਾਲ ਲੱਦਾਖ ਸਰਹੱਦ 'ਤੇ ਤਣਾਅ ਵਿਚਾਲੇ ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।
ਦੋਹਾਂ ਦੇਸ਼ਾਂ ਵਿਚਾਲੇ ਮਿਲਟਰੀ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਜਾਰੀ ਹੈ। ਰਾਜਨਾਥ ਨੇ ਕਿਹਾ ਕਿ ਦੇਸ਼ ਦਾ ਸਿਰ ਝੁਕਣ ਨਹੀਂ ਦਿਆਂਗੇ। ਦੇਸ਼ ਦੇ ਲੋਕਾਂ ਨੂੰ ਵੀ ਇਸ ਦਾ ਪੂਰਾ ਭਰੋਸਾ ਹੈ। ਉਨ੍ਹਾਂ ਨੇ ਨੇਪਾਲ ਦੇ ਨਾਲ ਵੀ ਲਿਪੁਲੇਖ ਵਿਵਾਦ ਨੂੰ ਗੱਲਬਾਤ ਦੇ ਜ਼ਰੀਏ ਹੱਲ ਕਰਨ ਦੀ ਉਮੀਦ ਜਤਾਈ।