ਘੱਟ ਦਿਖਾਈ ਦੇਣਾ ਪਿਆ ਭਾਰੀ, ਖੰਡ ਦੀ ਜਗ੍ਹਾ ਪਾ ਦਿੱਤਾ ਜ਼ਹਿਰ

Tuesday, Oct 10, 2017 - 10:03 AM (IST)

ਭੋਪਾਲ— ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਦੇ ਆਠਨੇਰ ਥਾਣਾ ਖੇਤਰ ਦੇ ਪਿੰਡ ਧਾਮੋਰੀ 'ਚ ਇਕ ਪਰਿਵਾਰ ਦੇ 7 ਮੈਂਬਰ ਜ਼ਹਿਰੀਲੀ ਚਾਹ ਪੀਣ ਨਾਲ ਬੀਮਾਰ ਹੋ ਗਏ। ਹਾਲਤ ਜ਼ਿਆਦਾ ਵਿਗੜਨ 'ਤੇ ਉਨ੍ਹਾਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਧਾਮੋਰੀ ਪਿੰਡ 'ਚ ਰਹਿਣ ਵਾਲੇ ਕਿਸ਼ਨ ਅਹੀਰੇ ਦੀ 80 ਸਾਲਾ ਪਤਨੀ ਬਿਪਤਾ ਬਾਈ ਨੇ ਸੋਮਵਾਰ ਦੀ ਸਵੇਰ ਘਰ 'ਚ ਚਾਹ ਬਣਾਈ ਅਤੇ ਪਰਿਵਾਰ ਵਾਲਿਆਂ ਨੂੰ ਦਿੱਤੀ। ਚਾਹ ਪੀਣ ਦੇ ਤੁਰੰਤ ਬਾਅਦ ਸਾਰੇ ਲੋਕਾਂ ਨੂੰ ਉਲਟੀਆਂ ਹੋਣ ਲੱਗੀਆਂ ਅਤੇ ਘਬਰਾਹਟ ਸ਼ੁਰੂ ਹੋ ਗਈ।
ਘਬਰਾਏ ਰਿਸ਼ਤੇਦਾਰ ਪਰਿਵਾਰ ਦੇ ਮੈਂਬਰਾਂ ਸ਼ਾਰਦਾ (5), ਸ਼ਿਵਮ (3), ਆਦਿੱਤਿਯ (1), ਸੰਦੀਪ (26), ਪਰਸਰਾਮ (45), ਰਿਤੂ (24) ਅਤੇ ਬਿਪਤਾ ਬਾਈ (80) ਨੂੰ ਲੈ ਕੇ ਆਠਨੇਰ ਦੇ ਹਸਪਤਾਲ ਪੁੱਜੇ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਪਾਇਆ ਕਿ ਸਾਰਿਆਂ ਨੇ ਕੁਝ ਜ਼ਹਿਰੀਲਾ ਪਦਾਰਥ ਖਾ ਲਿਆ ਹੈ। ਹਾਲਤ ਗੰਭੀਰ ਹੋਣ 'ਤੇ ਸਾਰਿਆਂ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਘਰ ਪੁੱਜ ਕੇ ਦੇਖਿਆ ਤਾਂ ਚਾਹ ਬਣਾਉਣ ਦੌਰਾਨ ਬਿਪਤਾ ਬਾਈ ਨੇ ਘੱਟ ਦਿਖਾਈ ਦੇਣ ਕਾਰਨ ਸ਼ੱਕਰ (ਖੰਡ) ਦੀ ਜਗ੍ਹਾ ਕੀਟਨਾਸ਼ਕ ਥਾਈਮੇਟ ਪਾ ਦਿੱਤਾ ਸੀ। ਜ਼ਿਲਾ ਹਸਪਤਾਲ 'ਚ ਇਲਾਜ ਤੋਂ ਬਾਅਦ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਦੋਂ ਜਾ ਕੇ ਘਰ ਵਾਲਿਆਂ ਦੇ ਸਾਹ 'ਚ ਸਾਹ ਆਇਆ।


Related News