PMC ਬੈਂਕ ਘਪਲਾ : ਸਾਬਕਾ MD ਜੁਆਏ ਥਾਮਸ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਗਿਆ

10/17/2019 12:15:32 PM

ਮੁੰਬਈ — ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ (ਪੀ.ਐੱਮ.ਸੀ.) ਬੈਂਕ ਦੇ ਮੈਨੇਜਿੰਗ ਡਾਇਰੈਕਟਰ ਜੁਆਏ ਥਾਮਸ ਅਤੇ ਸਾਬਕਾ ਡਾਇਰੈਕਟਰ ਐਸ ਸੁਰਜੀਤ ਸਿੰਘ ਅਰੋੜਾ ਨੂੰ ਅੱਜ ਮੁੰਬਈ ਦੀ ਐਸਪਲੇਨੇਡ ਕੋਰਟ 'ਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਜੁਆਏ ਥਾਮਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਅਤੇ ਸੁਰਜੀਤ ਸਿੰਘ ਨੂੰ 22 ਅਕਤਬੂਰ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ।

ਇਸ ਤੋਂ ਪਹਿਲਾਂ ਮੁੰੰਬਈ ਪੁਲਸ ਦੀ ਆਰਥਿਕ ਅਪਰਾਧ(EOW) ਦੀ ਵਿਸ਼ੇਸ਼ ਵਿੰਗ ਟੀਮ ਨੇ ਬੁੱਧਵਾਰ ਨੂੰ ਸੁਰਜੀਤ ਸਿੰਘ ਕੋਲੋਂ ਪੁੱਛਗਿੱਛ ਕੀਤੀ ਸੀ। ਇਸ ਪੁੱਛਗਿੱਛ ਦੇ ਬਾਅਦ ਸੁਰਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ ਬੈਂਕ ਦੇ ਸਾਬਕਾ ਚੇਅਰਮੈਨ ਵਰਿਆਮ ਸਿੰਘ, ਡਾਇਰੈਕਟਰ ਜੁਆਏ ਥਾਮਸ ਅਤੇ ਐਚ.ਡੀ.ਆਈ.ਐਲ. ਦੇ ਮਾਲਿਕ ਰਾਕੇਸ਼ ਅਤੇ ਸਾਰੰਗ ਵਧਾਵਨ ਨੂੰ ਗ੍ਰਿਫਤਾਰ ਕਰ ਲਿਆ ਸੀ। 

ਜੁਆਏ ਨੇ ਇਸਲਾਮ ਕਬੂਲ ਕਰਕੇ ਕੀਤਾ ਦੂਜਾ ਵਿਆਹ

ਜ਼ਿਕਰਯੋਗ ਹੈ ਕਿ PMC ਬੈਂਕ ਨੇ ਸਾਬਕਾ ਐਮ.ਡੀ. ਜੁਆਏ ਥਾਮਸ ਨੇ 2005 'ਚ ਇਸਲਾਮ ਕਬੂਲ ਕਰਕੇ ਆਪਣੀ ਪਰਸਨਲ ਅਸਿਸਟੈਂਟ ਨਾਲ ਵਿਆਹ ਕਰਵਾ ਲਿਆ ਸੀ। ਇਨ੍ਹਾਂ ਪਤੀ-ਪਤਨੀ ਦੇ ਨਾਮ ਪੂਣੇ 'ਚ 9 ਫਲੈਟ ਅਤੇ ਇਕ ਦੁਕਾਨ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਾਰੀ ਜਾਇਦਾਦ ਖਰੀਦਣ ਲਈ ਪੈਸਾ ਕਿੱਥੋਂ ਆਇਆ। ਪੁਲਸ ਨੇ ਦੱਸਿਆ ਕਿ ਥਾਮਸ ਨੇ ਧਰਮ ਬਦਲਣ ਦੇ ਨਾਲ ਨਾਮ ਵੀ ਬਦਲ ਕੇ ਜੁਨੈਦ ਖਾਨ ਰੱਖ ਲਿਆ ਸੀ, ਪਰ ਵਿੱਤੀ ਰਿਕਾਰਡ 'ਚ ਆਪਣਾ ਨਾਮ ਜੁਆਏ ਥਾਮਸ ਹੀ ਰੱਖਿਆ। ਇਸ ਤਰ੍ਹਾਂ ਨਾਲ ਜੁਆਏ ਦੌਹਰੀ ਜ਼ਿੰਦਗੀ ਜੀਅ ਰਿਹਾ ਸੀ। ਪੂਣੇ ਦੀ ਜਾਇਦਾਦ ਤੋਂ ਇਲਾਵਾ ਥਾਮਸ ਦੇ ਨਾਂ 'ਤੇ ਠਾਣੇ 'ਚ ਵੀ ਇਕ ਫਲੈਟ ਅਤੇ ਕਮਰਸ਼ੀਅਲ ਪ੍ਰਾਪਰਟੀ ਹੈ ਜਿਹੜੀ ਕਿ ਪਹਿਲੀ ਪਤਨੀ ਅਤੇ ਬੇਟੇ ਦੇ ਨਾਂ 'ਤੇ ਹੈ। ਥਾਮਸ ਦੀ ਪਹਿਲੀ ਪਤਨੀ ਨੂੰ ਪਤੀ ਦੇ ਦੂਜੇ ਵਿਆਹ ਬਾਰੇ ਜਾਣਕਾਰੀ ਮਿਲੀ ਤਾਂ ਉਸਨੇ ਤਲਾਕ ਦੀ ਅਰਜ਼ੀ ਦਾਖਲ ਕਰ ਦਿੱਤੀ। ਇਸ ਦੀ ਪ੍ਰਕਿਰਿਆ ਆਖਰੀ ਪੜਾਅ 'ਚ ਹੈ।

PMC ਬੈਂਕ ਦਾ ਮਾਮਲਾ

PMC ਬੈਂਕ ਦੀਆਂ 137 ਸ਼ਾਖਾਵਾਂ ਹਨ ਅਤੇ ਇਹ ਦੇਸ਼ ਦੇ ਟਾਪ-10 ਕੋ-ਆਪਰੇਟਿਵ ਬੈਂਕਾਂ ਵਿਚੋਂ ਇਕ ਹੈ। ਦੋਸ਼ ਅਨੁਸਾਰ PMC ਬੈਂਕ ਦੇ ਮੈਨੇਜਮੈਂਟ ਨੇ ਆਪਣੇ ਨਾਨ-ਪਰਫਾਰਮਿੰਗ ਐਸੇਟ ਅਤੇ ਲੋਨ ਵੰਡ ਬਾਰੇ 'ਚ ਰਿਜ਼ਰਵ ਬੈਂਕ ਨੂੰ ਗਲਤ ਜਾਣਕਾਰੀ ਦਿੱਤੀ ਹੈ। ਜਿਸ ਤੋਂ ਬਾਅਦ ਰਿਜ਼ਰਵ ਬੈਂਕ ਨੇ ਬੈਂਕ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਪਾਬੰਦੀ ਦੇ ਤਹਿਤ ਲੋਕ ਬੈਂਕ 'ਚ ਆਪਣੀ ਜਮ੍ਹਾਂ ਰਾਸ਼ੀ ਸੀਮਤ ਦਾਇਰੇ 'ਚ ਹੀ ਕੱਢ ਸਕਦੇ ਹਨ।

ਪੰਜਾਬ ਐਂਡ ਮਹਾਰਸ਼ਟਰ ਕੋ-ਆਪਰੇਟਿਵ ਬੈਂਕ(PMC) ਵਿਚੋਂ 40,000 ਤੋਂ ਜ਼ਿਆਦਾ ਪੈਸੇ ਕਢਵਾਉਣ 'ਤੇ ਲੱਗੀ ਰੋਕ ਦਾ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਘਪਲੇ ਦੇ ਦੋਸ਼ੀ ਰਿਅਲ ਅਸਟੇਟ ਕੰਪਨੀ ਹਾਊਸਿੰਗ ਡਵੈਲਪਮੈਂਟ ਐਂਡ ਇਨਫਰਾਸਟਰੱਕਚਰ ਲਿਮਟਿਡ(HDIL) ਦੇ ਪ੍ਰਮੋਟਰ ਆਪਣੀ ਅਟੈਚ ਜਾਇਦਾਦ ਵੇਚ ਕੇ ਰਕਮ ਦਾ ਭੁਗਤਾਨ ਕਰਨ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ PMC ਬੈਂਕ 'ਚ ਹੋਏ ਘਪਲੇ ਜਨਤਕ ਹੋਣ ਦੇ ਬਾਅਦ  ਇਹ ਮਾਮਲਾ ਗੰਭੀਰ ਹੋ ਗਿਆ ਹੈ। ਬੈਂਕ ਦੇ ਖਾਤਾਧਾਰਕਾਂ ਦੀ ਦਿਨ-ਰਾਤ ਦੀ ਨੀਂਦ ਹਰਾਮ ਹੋ ਚੁੱਕੀ ਹੈ ਅਤੇ ਉਹ ਸੂਬੇ ਦੇ ਮੁੱਖ ਮੰਤਰੀ , ਕੇਂਦਰੀ ਵਿੱਤ ਮੰਤਰੀ ਸੀਤਾਰਮਣ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਿ ਹਰ ਕਿਸੇ ਅੱਗੇ ਮਾਮਲੇ ਦੇ ਨਿਪਟਾਰੇ ਲਈ ਅਪੀਲ ਕਰ ਰਹੇ ਹਨ। ਬੈਂਕ ਦੇ ਖਾਤਾਧਾਰਕਾਂ 'ਚ ਭਾਰੀ ਰੋਸ ਅਤੇ ਦੋ ਗਾਹਕਾਂ ਦੀ ਹਾਰਟਅਟੈਕ ਕਾਰਨ ਮੌਤ ਹੋ ਜਾਣ ਦੇ ਬਾਅਦ ਮਾਮਲਾ ਅਦਾਲਤ ਅਧੀਨ ਹੈ। ਬੈਂਕ ਦੇ ਪ੍ਰਮੋਟਰ ਹਿਰਾਸਤ 'ਚ ਹਨ ਅਤੇ ਹੁਣ ਇਸ ਮਾਮਲੇ 'ਚ ਲਿਆ ਜਾਣ ਵਾਲਾ ਕੋਈ ਵੀ ਫੈਸਲਾ ਵੀ ਅਦਾਲਤ ਅਧੀਨ ਹੀ ਹੋਵੇਗਾ।


Related News