ਪ੍ਰਧਾਨ ਮੰਤਰੀ ਨੂੰ ‘ਮਨ ਕੀ ਬਾਤ’ ਦੀ ਥਾਂ ‘ਪੈਟਰੋਲ ਦੀ ਗੱਲ’ ਕਰਨੀ ਚਾਹੀਦੈ: ਮਮਤਾ
Wednesday, Jul 07, 2021 - 05:30 PM (IST)
ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਦੇਸ਼ ਦੀ ਅਰਥਵਿਵਸਥਾ ਨੂੰ ਬਰਬਾਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ। ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ‘ਮਨ ਕੀ ਬਾਤ’ ਦੀ ਬਜਾਏ ‘ਪੈਟਰੋਲ ਅਤੇ ਟੀਕੇ ਦੀ ਗੱਲ’ ਕਰਨੀ ਚਾਹੀਦੀ ਹੈ। ਕੇਂਦਰੀ ਕੈਬਨਿਟ ਵਿਚ ਫੇਰਬਦਲ ਅਤੇ ਵਿਸਥਾਰ ਦਾ ਸੰਦਰਭ ਦਿੰਦੇ ਹੋਏ ਮਮਤਾ ਨੇ ਕਿਹਾ ਕਿ ਕੈਬਨਿਟ ਤੋਂ ਬਾਬੁਲ ਸੁਪਰੀਓ ਨੂੰ ਹਟਾਉਣਾ ਦਿਖਾਉਂਦਾ ਹੈ ਕਿ ਉਹ ਸਾਲ 2024 ਵਿਚ ਅੰਤ ਆਉਣ ਤੋਂ ਪਹਿਲਾਂ ਹੀ ਹਾਰ ਚੁੱਕੇ ਹਨ। ਬੈਨਰਜੀ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀਆਂ ਚਿੱਠੀਆਂ ’ਚੋਂ ਇਕ ਦਾ ਵੀ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕਿ ਰਾਜਪਾਲ ਜਗਦੀਪ ਧਨਖੜ ਨੂੰ ਹਟਾਉਣ ਦੀ ਅਪੀਲ ਦੇ ਬਾਵਜੂਦ ਕੁਝ ਨਹੀਂ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਪੂਰੀ ਅਰਥਵਿਵਸਥਾ ਡਾਵਾਂਡੋਲ ਹੈ। ਪੈਟਰੋਲ ਦੀਆਂ ਕੀਮਤਾਂ ਰੋਜ਼ਾਨਾ ਵੱਧ ਰਹੀਆਂ ਹਨ ਅਤੇ ਕੇਂਦਰ ਸਰਕਾਰ ਖ਼ਾਮੋਸ਼ ਬੈਠੀ ਹੈ। ਸਾਡੇ ਪ੍ਰਧਾਨ ਮੰਤਰੀ ਮਨ ਕੀ ਬਾਤ ਨੂੰ ਲੈ ਕੇ ਰੁੱਝੇ ਹਨ। ਉਨ੍ਹਾਂ ਨੂੰ ਇਸ ਦੀ ਬਜਾਏ ਪੈਟਰੋਲ, ਡੀਜ਼ਲ ਅਤੇ ਟੀਕੇ ਦੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਮੰਤਰਾਲਿਆਂ ਵਿਚ ਫੇਰਬਦਲ ’ਤੇ ਕੋਈ ਟਿੱਪਣੀ ਨਹੀਂ ਕਰਾਂਗੀ। ਕੀ ਫੇਰਬਦਲ ਤੋਂ ਲੋਕਾਂ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ?