ਮੋਦੀ ਖੁਦ ਰਾਮਲੱਲਾ ਨੂੰ ਚੁੱਕ ਕੇ ਲਿਜਾਣਗੇ ਨਵੇਂ ਮੰਦਰ ’ਚ, ਹੋਵੇਗੀ ਸਥਾਪਨਾ

Saturday, Nov 04, 2023 - 12:45 PM (IST)

ਨਵੀਂ ਦਿੱਲੀ– ਅਯੁੱਧਿਆ ’ਚ ਸ਼੍ਰੀਰਾਮ ਮੰਦਰ ਦੇ ਉਦਘਾਟਨ ਸਮਾਗਮ ਵਿਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀ ਤਰੀਕ ਤੈਅ ਹੋ ਗਈ ਹੈ। ਪੀ. ਐੱਮ. ਮੋਦੀ ਰਾਮਲੱਲਾ ਨੂੰ ਖੁਦ ਆਪਣੇ ਹੱਥਾਂ ਨਾਲ ਨਵੇਂ ਮੰਦਰ ਵਿਚ ਲੈ ਕੇ ਜਾਣਗੇ। ਉਨ੍ਹਾਂ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਵੀ ਇਸ ਮੌਕੇ ’ਤੇ ਖਾਸ ਤੌਰ ’ਤੇ ਮੌਜੂਦ ਰਹਿਣਗੇ। 22 ਜਨਵਰੀ ਨੂੰ ਰਾਮ ਮੰਦਰ ’ਚ ਹੋਣ ਵਾਲੇ ਇਸ ਪ੍ਰੋਗਰਾਮ ਦਾ ਸਮਾਂ ਸਵੇਰੇ 11 ਵਜੇ ਤੋਂ 1 ਵਜੇ ਰੱਖਿਆ ਗਿਆ ਹੈ।

ਇਸ ਵੇਲੇ ਰਾਮਲੱਲਾ ਆਰਜ਼ੀ ਤੌਰ ’ਤੇ ਬਣਾਏ ਗਏ ਭਵਨ ਵਿਚ ਬਿਰਾਜਮਾਨ ਹਨ ਅਤੇ 22 ਜਨਵਰੀ ਨੂੰ ਸਥਾਈ ਨਿਵਾਸ ’ਚ ਦਾਖਲ ਹੋਣਗੇ। ਇਸ ਪ੍ਰੋਗਰਾਮ ਵਿਚ ਪ੍ਰੋਟੋਕਾਲ ਦੇ ਨਿਯਮ ਨੂੰ ਤੋੜ ਕੇ ਮੋਦੀ ਖੁਦ ਆਪਣੇ ਹੱਥਾਂ ’ਚ ਰਾਮਲੱਲਾ ਦੀ ਮੂਰਤੀ ਲੈ ਕੇ ਲਗਭਗ 500 ਮੀਟਰ ਤਕ ਪੈਦਲ ਚੱਲਣਗੇ ਅਤੇ ਨਵੇਂ ਮੰਦਰ ਦੇ ਗਰਭ-ਗ੍ਰਹਿ ’ਚ ਦਾਖਲ ਹੋਣਗੇ। ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵਲੋਂ ਲਗਭਗ 5 ਹਜ਼ਾਰ ਵਿਅਕਤੀਆਂ ਨੂੰ ਸੱਦਾ ਵੀ ਭੇਜਿਆ ਜਾ ਰਿਹਾ ਹੈ।

ਟਰੱਸਟ ਨੇ ਐਕਸ ’ਤੇ ਮੰਦਰ ਦਾ ਵੇਰਵਾ ਜਾਰੀ ਕੀਤਾ ਹੈ, ਜਿਸ ਵਿਚ ਮੰਦਰ ਦੇ ਉਦਘਾਟਨ ਤੋਂ ਲੈ ਕੇ ਇਸ ਦੇ ਨਿਰਮਾਣ ਦੀਆਂ ਬਾਰੀਕੀਆਂ ਦੀ ਜਾਣਕਾਰੀ ਦਿੱਤੀ ਗਈ ਹੈ। ਉਦਘਾਟਨ ਸਮਾਗਮ ਦਾ ਲਾਈਵ ਪ੍ਰਸਾਰਣ ਹੋਵੇਗਾ। 3 ਮੰਜ਼ਿਲਾ ਮੰਦਰ ਦੀ ਲੰਬਾਈ 380 ਫੁੱਟ, ਚੌੜਾਈ 250 ਫੁੱਟ ਅਤੇ ਉਚਾਈ 161 ਫੁੱਟ ਹੋਵੇਗੀ। ਹਰੇਕ ਮੰਜ਼ਿਲ ਦੀ ਉਚਾਈ 20 ਫੁੱਟ ਰੱਖੀ ਗਈ ਹੈ। ਮੰਦਰ ’ਚ 392 ਖੰਭਿਆਂ ਦੇ ਨਾਲ ਕੁਲ 44 ਦਰਵਾਜ਼ੇ ਲੱਗਣਗੇ।


Rakesh

Content Editor

Related News