PM ਮੋਦੀ ਨੇ ਪਵਾਰ ਤੇ ਊਧਵ ਨੂੰ ਕਿਹਾ- ''ਕਾਂਗਰਸ ਨਾਲ ‘ਮਰਨ’ ਦੀ ਬਜਾਏ ਅਜੀਤ ਦਾਦਾ ਨਾਲ ਹੱਥ ਮਿਲਾਉਣਾ ਬਿਹਤਰ''
Friday, May 10, 2024 - 06:55 PM (IST)
ਨੰਦੂਰਬਾਰ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ‘ਨਕਲੀ ਐੱਨ. ਸੀ. ਪੀ. ਤੇ ਸ਼ਿਵ ਸੈਨਾ’ ਨੇ 4 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ’ਚ ਰਲੇਵੇਂ ਦਾ ਮਨ ਬਣਾ ਲਿਆ ਹੈ ਪਰ ਉਨ੍ਹਾਂ ਨੂੰ ਇਸ ਦੀ ਬਜਾਏ ਅਜੀਤ ਪਵਾਰ ਅਤੇ ਏਕਨਾਥ ਸ਼ਿੰਦੇ ਨਾਲ ਹੱਥ ਮਿਲਾਉਣਾ ਚਾਹੀਦਾ ਹੈ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਦਾ ਨਾਂ ਲਏ ਬਿਨਾਂ ਉੱਤਰੀ ਮਹਾਰਾਸ਼ਟਰ ਦੇ ਨੰਦੂਰਬਾਰ ਜ਼ਿਲੇ ’ਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਸ਼ੁੱਕਰਵਾਰ ਕਿਹਾ ਕਿ ਮਹਾਰਾਸ਼ਟਰ ਦੇ ਇਕ ਚੋਟੀ ਦੇ ਨੇਤਾ ਜੋ 40-50 ਸਾਲ ਤੋਂ ਰਾਜਨੀਤੀ ਕਰ ਰਹੇ ਹਨ, ਬਾਰਾਮਤੀ ਵਿਖੇ ਹੋਈ ਚੋਣ ਤੋਂ ਬਾਅਦ ਇੰਨੇ ਚਿੰਤਤ ਹਨ ਕਿ ਉਨ੍ਹਾਂ ਇਕ ਬਿਆਨ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਉਨ੍ਹਾਂ ਬਹੁਤ ਸਾਰੇ ਲੋਕਾਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਹ ਬਿਆਨ ਦਿੱਤਾ ਹੋਵੇਗਾ।
ਮੋਦੀ ਨੇ ਕਿਹਾ ਕਿ ਉਹ ਇੰਨੇ ਨਿਰਾਸ਼ ਹੋ ਗਏ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ 4 ਜੂਨ ਤੋਂ ਬਾਅਦ ਸਿਆਸੀ ਜੀਵਨ ’'ਚ ਟਿਕੇ ਰਹਿਣਾ ਹੈ ਤਾਂ ਫਿਰ ਛੋਟੀਆਂ ਸਿਆਸੀ ਪਾਰਟੀਆਂ ਨੂੰ ਕਾਂਗਰਸ ’ਚ ਰਲੇਵਾਂ ਕਰਨਾ ਚਾਹੀਦਾ ਹੈ।
ਮੋਦੀ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਇਸ ਨਕਲੀ ਐੱਨ. ਸੀ. ਪੀ. ਤੇ ਸ਼ਿਵ ਸੈਨਾ ਨੇ ਕਾਂਗਰਸ ’ਚ ਰਲੇਵੇਂ ਦਾ ਮਨ ਬਣਾ ਲਿਆ ਹੈ। ਉਹ 4 ਜੂਨ ਤੋਂ ਬਾਅਦ ਕਾਂਗਰਸ ’ਚ ਸ਼ਾਮਲ ਹੋ ਕੇ ਮਰਨ ਦੀ ਬਜਾਏ ਛਾਤੀ ਤਾਣ ਕੇ ਸਾਡੇ ਅਜੀਤ ਦਾਦਾ ਜੀ ਤੇ ਸ਼ਿੰਦੇ ਜੀ ਕੋਲ ਆਓ।ਤੁਹਾਡੇ ਸੁਪਨੇ ਬੜੇ ਮਾਣ ਨਾਲ ਪੂਰੇ ਹੋਣਗੇ। ਮੋਦੀ ਨੇ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਹਿੰਦੂ ਆਸਥਾ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ।