ਮੋਦੀ ਸਰਕਾਰ-2 ਦਾ ਇਕ ਸਾਲ ਪੂਰਾ, ਪ੍ਰਧਾਨ ਮੰਤਰੀ ਨੇ ਗਿਣਵਾਈਆਂ ਪ੍ਰਾਪਤੀਆਂ

05/30/2020 10:31:57 AM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ-370 ਨੂੰ ਖਤਮ ਕਰਨ, ਰਾਮ ਮੰਦਰ ਮੁੱਦੇ ਦੇ ਹੱਲ, ਇਕ ਵਾਰ ਤਿੰਨ ਤਲਾਕ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਲਿਆਉਣ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਪਹਿਲੇ ਸਾਲ ਦੀਆਂ ਪ੍ਰਮੁੱਖ ਪ੍ਰਾਪਤੀਆਂ ਦੇ ਰੂਪ 'ਚ ਗਿਣਵਾਈਆਂ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲਿਆਂ ਨੇ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਰਫਤਾਰ, ਨਵੇਂ ਟੀਚੇ ਦਿੱਤੇ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਮੌਕੇ ਦੇਸ਼ ਵਾਸੀਆਂ ਦੇ ਨਾਮ ਖੁੱਲ੍ਹੀ ਚਿੱਠੀ ਵਿਚ ਮੋਦੀ ਨੇ ਕਿਹਾ ਕਿ ਸਾਲ 2019 'ਚ ਦੇਸ਼ ਦੀ ਜਨਤਾ ਨੇ ਸਿਰਫ ਸਰਕਾਰ ਨੂੰ ਜਾਰੀ ਰੱਖਣ ਲਈ ਹੀ ਵੋਟਾਂ ਨਹੀਂ ਪਾਈਆਂ ਸਗੋਂ ਕਿ ਜਨਾਦੇਸ਼ ਦੇਸ਼ ਦੇ ਵੱਡੇ ਸੁਪਨਿਆਂ, ਆਸਾਂ ਅਤੇ ਉਮੀਦਾਂ ਦੀ ਪੂਰਤੀ ਲਈ ਸੀ। ਇਸ ਸਾਲ 'ਚ ਲਏ ਗਏ ਫੈਸਲੇ ਇਨ੍ਹਾਂ ਵੱਡੇ ਸੁਪਨਿਆਂ ਦੀ ਉਡਾਣ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੀਤੇ ਇਕ ਸਾਲ ਵਿਚ ਦੇਸ਼ ਨੇ ਨਵੇਂ ਸਪਨੇ ਦੇਖੇ, ਨਵੇਂ ਸੰਕਲਪ ਅਤੇ ਇਨ੍ਹਾਂ ਸੰਕਲਪਾਂ ਨੂੰ ਸਿੱਧ ਕਰਨ ਲਈ ਲਗਾਤਾਰ ਫੈਸਲੇ ਲੈ ਕੇ ਕਦਮ ਵੀ ਵਧਾਏ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਸ਼ਟਰੀ ਏਕਤਾ ਅਤੇ ਅਖੰਡਤਾ ਲਈ ਧਾਰਾ-370 ਦੀ ਗੱਲ ਹੋਵੇ, ਸਦੀਆਂ ਪੁਰਾਣੇ ਸੰਘਰਸ਼ ਦੇ ਖੁਸ਼ਹਾਲ ਨਤੀਜੇ ਦੇ ਰੂਪ 'ਚ ਰਾਮ ਮੰਦਰ ਫੈਸਲੇ ਦੀ ਗੱਲ ਹੋਵੇ, ਆਧੁਨਿਕ ਸਮਾਜ 'ਚ ਰੁਕਾਵਟ ਬਣਿਆ ਇਕ ਵਾਰ 'ਚ ਤਿੰਨ ਤਲਾਕ ਹੋਵੇ ਜਾਂ ਫਿਰ ਭਾਰਤ ਦੀ ਰਹਿਮ ਦਾ ਪ੍ਰਤੀਕ ਨਾਗਰਿਕਤਾ ਸੋਧ ਕਾਨੂੰਨ ਹੋਵੇ ਇਹ ਸਾਰੀਆਂ ਪ੍ਰਾਪਤੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਹੈ। 

ਪਿਛਲੇ ਇਕ ਸਾਲ ਵਿਚ ਤਿੰਨ ਤਲਾਕ ਨੂੰ ਅਪਰਾਧ ਦੀ ਸ਼੍ਰੇਣੀ 'ਚ ਲਿਆਉਣ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਆਧੁਨਿਕ ਸਮਾਜ ਵਿਵਸਥਾ 'ਚ ਰੁਕਾਵਟ ਬਣਿਆ ਤਿੰਨ ਤਲਾਕ ਹੁਣ ਇਤਿਹਾਸ ਬਣ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਰੱਖਿਆ ਪ੍ਰਧਾਨ ਦੇ ਅਹੁਦੇ ਦੇ ਗਠਨ ਨੇ ਜਿੱਥੇ ਸੈਨਾਵਾਂ ਵਿਚ ਤਾਲਮੇਲ ਨੂੰ ਵਧਾਇਆ ਹੈ, ਉੱਥੇ ਹੀ ਮਿਸ਼ਨ ਗਗਨਯਾਨ ਲਈ ਵੀ ਭਾਰਤ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਗਰੀਬਾਂ ਨੂੰ, ਕਿਸਾਨਾਂ ਨੂੰ, ਜਨਾਨੀਆਂ-ਨੌਜਵਾਨਾਂ ਨੂੰ ਮਜ਼ਬੂਤ ਕਰਨਾ ਸਾਡੀ ਤਰਜੀਹ ਰਹੀ ਹੈ। ਹੁਣ ਪੀ. ਐੱਮ. ਕਿਸਾਨ ਸਨਮਾਨ ਨਿਧੀ ਦੇ ਦਾਇਰੇ ਵਿਚ ਦੇਸ਼ ਦਾ ਹਰੇਕ ਕਿਸਾਨ ਆ ਚੁੱਕਾ ਹੈ ਅਤੇ ਬੀਤੇ ਇਕ ਸਾਲ ਵਿਚ ਇਸ ਯੋਜਨਾ ਤਹਿਤ 9 ਕਰੋੜ  50 ਲੱਖ ਤੋਂ ਵਧੇਰੇ ਕਿਸਾਨਾਂ ਦੇ ਖਾਤਿਆਂ ਵਿਚ 72 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਜਮ੍ਹਾ ਕਰਵਾਈ ਗਈ ਹੈ।


Tanu

Content Editor

Related News