PM ਮੋਦੀ ਨੇ ਕੇਦਾਰਨਾਥ ਮੰਦਰ ''ਚ ਕੀਤੀ ਪੂਜਾ, ਪਹਾੜੀ ਪਹਿਰਾਵੇ ''ਚ ਆਏ ਨਜ਼ਰ
Friday, Oct 21, 2022 - 09:56 AM (IST)
ਦੇਹਰਾਦੂਨ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਦਰਮਿਆਨ ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਪ੍ਰਸਿੱਧ ਕੇਦਾਰਨਾਥ ਧਾਮ ਪਹੁੰਚੇ, ਜਿੱਥੇ ਉਨ੍ਹਾਂ ਨੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕੀਤੀ। ਪ੍ਰਧਾਨ ਮੰਤਰੀ ਦੀ ਪੂਜਾ ਮੰਦਰ ਦੇ ਪੁਜਾਰੀਆਂ ਵੱਲੋਂ ਮੰਤਰਾਂ ਦੇ ਜਾਪ ਦਰਮਿਆਨ ਸੰਪੰਨ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਫੈਦ ਰੰਗ ਦੇ ਪਹਾੜੀ ਕੱਪੜੇ ਅਤੇ ਪਹਾੜੀ ਟੋਪੀ 'ਚ ਕੇਦਾਰਨਾਥ ਹੈਲੀਪੈਡ ਤੋਂ ਮੰਦਰ ਪਹੁੰਚੇ, ਜਿੱਥੇ ਤੀਰਥ ਯਾਤਰੀਆਂ ਅਤੇ ਹੋਰ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੀ.ਐੱਮ. ਮੋਦੀ ਦੇ ਪਹਿਰਾਵੇ 'ਤੇ 'ਸਵਾਸਤਿਕ' ਚਿੰਨ੍ਹ ਵੀ ਸੀ। ਕੇਦਾਰਨਾਥ ਤੋਂ ਬਾਅਦ ਪ੍ਰਧਾਨ ਮੰਤਰੀ ਬਦਰੀਨਾਥ ਜਾਣਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਇਲਾਕੇ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਹਰ ਜਗ੍ਹਾ ਸੁਰੱਖਿਆ ਕਰਮਚਾਰੀ ਤਾਇਨਾਤ ਹਨ। ਸੂਬੇ ਦੇ ਆਪਣੇ 2 ਦਿਨਾਂ ਦੌਰੇ ਦੌਰਾਨ ਉਹ ਕਈ ਜਾਰੀ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲੈਣਗੇ ਅਤੇ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੇ ਦੇਹਰਾਦੂਨ ਨੇੜੇ ਜੌਲੀਗ੍ਰਾਂਟ ਹਵਾਈ ਅੱਡੇ 'ਤੇ ਪਹੁੰਚਣ 'ਤੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਕੇਂਦਰੀ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਕੇਦਾਰਨਾਥ ਮੰਦਰ 'ਚ ਦਰਸ਼ਨ ਅਤੇ ਪੂਜਾ ਕਰਨਗੇ, ਜਿਸ ਤੋਂ ਬਾਅਦ 9.7 ਕਿਲੋਮੀਟਰ ਲੰਬੇ ਗੌਰੀਕੁੰਡ-ਕੇਦਾਰਨਾਥ ਰੋਪਵੇਅ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਆਪਣੇ ਢਾਈ ਘੰਟੇ ਦੇ ਪ੍ਰੋਗਰਾਮ ਦੌਰਾਨ ਉਹ ਆਦਿਗੁਰੂ ਸ਼ੰਕਰਾਚਾਰੀਆ ਦੀ ਸਮਾਧੀ ਸਥਲ ਵੀ ਜਾਣਗੇ। ਇਸ ਤੋਂ ਇਲਾਵਾ ਪੀ.ਐੱਮ. ਮੋਦੀ ਕੇਦਾਰਨਾਥ 'ਚ ਮੰਦਾਕਿਨੀ ਆਸਥਾ ਪਾਠ ਅਤੇ ਸਰਸਵਤੀ ਆਸਥਾ ਪਾਠ ਦਾ ਨਿਰੀਖਣ ਕਰਨਗੇ ਅਤੇ ਉੱਥੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬਦਰੀਨਾਥ ਧਾਮ ਪਹੁੰਚਣਗੇ ਅਤੇ ਮੰਦਰ 'ਚ ਦਰਸ਼ਨ ਅਤੇ ਪੂਜਾ ਅਰਚਨਾ ਕਰਨ ਤੋਂ ਬਾਅਦ ਰਿਵਰਫਰੰਟ 'ਤੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ। ਬਾਅਦ ਦੁਪਹਿਰ ਉਹ ਬਦਰੀਨਾਥ ਨੇੜੇ ਸੀਮਾਂਤ ਮਾਨਾ ਪਿੰਡ 'ਚ ਸੜਕ ਅਤੇ ਰੋਪਵੇਅ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ। ਇਸ ਤੋਂ ਬਾਅਦ ਉਹ ਅਰਾਈਵਲ ਪਲਾਜ਼ਾ ਅਤੇ ਝੀਲਾਂ ਦੇ ਸੁੰਦਰੀਕਰਨ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ।