ਰਾਮ ਮੰਦਰ ਦੇ ਭੂਮੀ ਪੂਜਨ ਵਿਚ ਵਰਚੁਅਲ ਢੰਗ ਨਾਲ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ
Friday, Jun 19, 2020 - 11:17 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਰਾਮ ਜਨਮ ਭੂਮੀ ਮੁੱਦੇ 'ਤੇ ਕੁਝ ਨਹੀਂ ਬੋਲ ਰਹੇ ਸਨ, ਕਿਉਂਕਿ ਮਾਮਲਾ ਸੁਪਰੀਮ ਕੋਰਟ ਵਿਚ ਚੱਲ ਰਿਹਾ ਸੀ, ਪਰ ਹੁਣ ਉਹ ਅਯੁੱਧਿਆ ਵਿਚ ਹੋਣ ਵਾਲੇ ਭੂਮੀ ਪੂਜਨ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜ਼ਰੂਰੀ ਰਸਮਾਂ ਕਰਾਉਣ ਦੇ ਲਈ ਨਿੱਜੀ ਰੂਪ ਤੋਂ ਅਯੁੱਧਿਆ ਵਿਚ ਹਾਜ਼ਰ ਰਹਿਣਗੇ। ਭੂਮੀ ਪੂਜਨ ਜੁਲਾਈ ਦੇ ਪਹਿਲੇ ਹਫਤੇ ਵਿਚ ਹੋਣ ਦੀ ਸੰਭਾਵਨਾ ਹੈ। ਪਤਾ ਲੱਗਾ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਨੇਤਾ ਅਤੇ ਰਾਮ ਜਨਮ ਭੂਮੀ ਅੰਦੋਲਨ ਨਾਲ ਜੁੜੇ ਰਹੇ ਚੰਪਤ ਰਾਏ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਭੂਮੀ ਪੂਜਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਇਸ ਦੇ ਲਈ ਰਾਜ਼ੀ ਤਾਂ ਹੋ ਗਏ, ਪਰ ਦੂਰੀ ਬਣਾਏ ਰੱਖਣ ਦੇ ਨਿਯਮ ਨੂੰ ਦੇਖਦੇ ਹੋਏ ਉਹ ਦਿੱਲੀ ਤੋਂ ਹੀ ਵਰਚੁਅਲ ਢੰਗ ਨਾਲ ਇਸ ਵਿਚ ਹਿੱਸਾ ਲੈਣਗੇ।
ਸੁਪਰੀਮ ਕੋਰਟ ਨੇ ਅਯੁੱਧਿਆ ਦੇ ਵਿਵਾਦਤ ਸਥਾਨ ਦਾ ਫੈਸਲਾ ਰਾਮਲਲਾ ਵਿਰਾਜਮਾਨ ਦੇ ਪੱਖ ਵਿਚ ਦੇ ਕੇ ਸਦੀਆਂ ਪੁਰਾਣਾ ਇਹ ਵਿਵਾਦ ਖਤਮ ਕਰ ਦਿੱਤਾ ਸੀ। ਰਾਮ ਮੰਦਰ ਨਿਰਮਾਣ ਦੀ ਜ਼ਿੰਮੇਵਾਰੀ ਚੁੱਕਣ ਵਾਲੀ ਕਮੇਟੀ ਚਾਹੁੰਦੀ ਹੈ ਕਿ ਭੂਮੀ ਪੂਜਨ 15 ਜੁਲਾਈ ਤੋਂ ਪਹਿਲਾਂ ਹੋਵੇ। ਉਸ ਦਾ ਮੰਨਣਾ ਹੈ ਕਿ 15 ਜੁਲਾਈ ਤੋਂ ਬਾਅਦ ਭੂਮੀ ਪੂਜਨ ਕਰਨਾ ਸ਼ੁੱਭ ਨਹੀਂ ਹੋਵੇਗਾ।
ਅਯੁੱਧਿਆ ਵਿਚ ਜ਼ਮੀਨ ਦਾ ਪੱਧਰ ਅਤੇ ਹੋਰ ਗਤੀਵਿਧੀਆਂ ਪੂਰੀ ਤੇਜ਼ੀ ਨਾਲ ਜਾਰੀ ਹਨ ਅਤੇ ਮੁੱਖ ਮੰਤਰੀ ਯੋਗੀ ਇਸ ਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ। ਪ੍ਰਧਾਨ ਮੰਤਰੀ ਤੋਂ ਭੂਮੀ ਪੂਜਨ ਦੇ ਮੌਕੇ 'ਤੇ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਹਾਲਾਂਕਿ ਸਮਾਜਿਕ ਦੂਰੀ ਦੇ ਨਿਯਮ ਕਾਰਨ ਇਕੱਤਰਤਾ ਘੱਟ ਹੀ ਹੋਵੇਗੀ। ਕਿਉਂਕਿ ਸੁਪਰੀਮ ਕੋਰਟ ਨੇ ਕੋਵਿਡ-19 ਦੇ ਕਾਰਨ ਪੂਰੀ ਯਾਤਰਾ 'ਤੇ ਰੋਕ ਲਾ ਦਿੱਤੀ ਹੈ, ਇਸ ਲਈ ਅਯੁੱਧਿਆ ਵਿਚ ਹੋਣ ਵਾਲਾ ਪ੍ਰੋਗਰਾਮ ਵੀ ਛੋਟੇ ਪੱਧਰ 'ਤੇ ਕੀਤਾ ਜਾਵੇਗਾ। ਅਜਿਹੇ ਵੀ ਸੁਝਾਅ ਆਏ ਸਨ ਕਿ ਮੌਸਮ ਵਿਚ ਬਦਸਾਅ ਦੇ ਕਾਰਨ ਯੂ. ਪੀ. ਵਿਚ ਤੇਜ਼ ਗਰਮੀ ਅਤੇ ਤੂਫਾਨ ਦੇ ਅਨੁਮਾਨ ਦੇ ਮੱਦੇਨਜ਼ਰ ਭੂਮੀ ਪੂਜਨ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਜਾਵੇਗਾ, ਪਰ ਇਸ ਪ੍ਰੋਗਰਾਮ ਵਿਚ ਪਹਿਲਾਂ ਹੀ ਕਾਫੀ ਦੇਰ ਹੋ ਚੁੱਕੀ ਹੈ।