3 ਦਿਨ ਮੰਤਰੀਆਂ ਦੀ ‘ਕਲਾਸ’ ਲੈਣਗੇ ਮੋਦੀ, ਅਗਲੇ 3 ਸਾਲਾਂ ਦਾ ਪਲਾਨ ਤਿਆਰ ਕਰ ਕੇ ਬੈਠਕ ’ਚ ਆਉਣ ਦੇ ਦਿੱਤੇ ਨਿਰਦੇਸ਼
Sunday, Aug 08, 2021 - 03:53 PM (IST)
ਨਵੀਂ ਦਿੱਲੀ– ਨਵੇਂ ਮੰਤਰੀ ਮੰਡਲ ਦੇ ਗਠਨ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤਿੰਨ ਦਿਨਾਂ ਤੱਕ ਆਪਣੇ ਮੰਤਰੀਆਂ ਦੀ ‘ਕਲਾਸ’ ਲੈਣਗੇ। ਅਗਲੇ ਹਫਤੇ ਮੋਦੀ ਮੰਤਰੀ ਮੰਡਲ ਦੀ ਬੈਠਕ ਹੋਵੇਗੀ। ਦੱਸਿਆ ਜਾਂਦਾ ਹੈ ਕਿ ਇਸ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਾਥੀ ਮੰਤਰੀਆਂ ਨਾਲ ਭਵਿੱਖ ਦੇ ਨਿਸ਼ਾਨਿਆਂ ’ਤੇ ਵਿਚਾਰ ਵਟਾਂਦਰਾ ਕਰਨਗੇ। ਸੂਤਰਾਂ ਮੁਤਾਬਕ ਉਕਤ ਅਹਿਮ ਬੈਠਕ 10 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 3 ਦਿਨਾਂ ਤੱਕ ਚਲੇਗੀ।
ਇਹ ਪਹਿਲਾ ਮੌਕਾ ਹੋਵੇਗਾ ਜਦੋਂ ਮੰਤਰੀ ਮੰਡਲ ਦੇ ਵਾਧੇ ਪਿੱਛੋਂ ਮੋਦੀ ਮੰਤਰੀ ਮੰਡਲ ਦੇ ਮੈਂਬਰਾਂ ਨਾਲ ਇੰਨੀ ਲੰਬੀ ਬੈਠਕ ਕਰਨਗੇ। ਕੁਝ ਸੀਨੀਅਰ ਮੰਤਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਅਗਲੇ ਤਿੰਨ ਸਾਲਾਂ ਦੇ ਕੰਮਕਾਜ ਦਾ ਪਲਾਨ ਕਰ ਕੇ ਬੈਠਕ ’ਚ ਆਉਣ। ਸੂਤਰਾਂ ਮੁਤਾਬਕ ਬੈਠਕ ’ਚ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੋਖਾ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਯੋਜਨਾਵਾਂ ਨੂੰ ਜ਼ਮੀਨ ’ਤੇ ਉਤਾਰਣ ਲਈ ਵਿਸਤਰਿਤ ਰਣਨੀਤੀ ਬਣਾਈ ਜਾਏਗੀ।
‘ਸਵੈ-ਨਿਰਭਰ ਭਾਰਤ’ ਨੂੰ ਲੈ ਕੇ ਜਿਥੇ ਉਕਤ ਮੀਟਿੰਗ ਵਿਚ ਚਰਚਾ ਹੋਵੇਗੀ, ਉਥੇ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮੰਥਨ ਵੀ ਕੀਤਾ ਜਾਏਗਾ। ਮੰਤਰੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਅਗਲੇ 3 ਸਾਲਾ ’ਚ ਜਿਨ੍ਹਾਂ ਸੂਬਿਆਂ ’ਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ ਹਨ, ਉਨ੍ਹਾਂ ਸੂਬਿਆਂ ਲਈ ਕਿਹੜੀਆਂ-ਕਿਹੜੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਕਿਵੇਂ ਅਮਲੀ ਜਾਮਾ ਪਹਿਨਾਇਆ ਜਾਏਗਾ, ਉਸ ਸਬੰਧੀ ਉਹ ਪੂਰੀ ਤਿਆਰੀ ਕਰ ਕੇ ਬੈਠਕ ’ਚ ਆਉਣ।