ਜੰਮੂ-ਕਸ਼ਮੀਰ ਤੇ ਹਰਿਆਣਾ ’ਚ 20-22 ਚੋਣ ਰੈਲੀਆਂ ਕਰਨਗੇ PM ਮੋਦੀ

Wednesday, Aug 28, 2024 - 10:03 AM (IST)

ਜੰਮੂ-ਕਸ਼ਮੀਰ ਤੇ ਹਰਿਆਣਾ ’ਚ 20-22 ਚੋਣ ਰੈਲੀਆਂ ਕਰਨਗੇ PM ਮੋਦੀ

ਸ਼੍ਰੀਨਗਰ- ਜੰਮੂ-ਕਸ਼ਮੀਰ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਭਾਜਪਾ ਵੱਲੋਂ ਇਕੱਲਿਆਂ ਲੜਨ ਦੇ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਧੂ ਯਤਨ ਕਰਨੇ ਪੈਣਗੇ।ਭਾਜਪਾ ਹੈੱਡਕੁਆਰਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਗੱਲ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਕਿ ਕਿਹੜੀਆਂ ਸੀਟਾਂ 'ਤੇ ਖੇਤਰ ਅਜਿਹੇ ਹਨ ਜਿੱਥੇ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਵਧੇਰੇ ਪ੍ਰਭਾਵਸ਼ਾਲੀ ਹੋਣਗੀਆਂ।

ਪ੍ਰਧਾਨ ਮੰਤਰੀ ਵੱਲੋਂ ਵਾਦੀ ’ਚ ਘੱਟੋ-ਘੱਟ 2 ਤੇ ਜੰਮੂ ਖੇਤਰ ਵਿਚ 8 ਰੈਲੀਆਂ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਉਹ ਹਰਿਆਣਾ ’ਚ 10-12 ਰੈਲੀਆਂ ਕਰ ਸਕਦੇ ਹਨ। 2019 ’ਚ ਪ੍ਰਧਾਨ ਮੰਤਰੀ ਨੇ 8 ਰੈਲੀਆਂ ਕੀਤੀਆਂ ਸਨ ਪਰ ਇਸ ਵਾਰ ਇਹ ਗਿਣਤੀ ਵੱਧ ਹੋਵੇਗੀ। ਭਾਜਪਾ ਲਗਾਤਾਰ ਤੀਜੀ ਵਾਰ ਹਰਿਆਣਾ ’ਚ ਸੱਤਾ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰ ਰਹੀ ਹੈ। 2019 ’ਚ ਇਸ ਨੇ 40 ਸੀਟਾਂ ਜਿੱਤੀਆਂ ਸਨ ਤੇ ਸਰਕਾਰ ਬਣਾਉਣ ਲਈ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.)  ਨਾਲ ਚੋਣ ਤੋਂ ਬਾਅਦ ਗਠਜੋੜ ਕੀਤਾ ਸੀ।

ਜੰਮੂ-ਕਸ਼ਮੀਰ ਦੀਆਂ 90 ਸੀਟਾਂ ਲਈ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਤਿੰਨ ਪੜਾਵਾਂ ’ਚ ਚੋਣਾਂ ਹੋਣਗੀਆਂ। ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ। ਭਾਜਪਾ ਜੰਮੂ ਖੇਤਰ ਦੀਆਂ ਸਾਰੀਆਂ 43 ਤੇ ਵਾਦੀ ਦੀਆਂ 20 ਤੋਂ 27 ਸੀਟਾਂ ’ਤੇ ਚੋਣ ਲੜੇਗੀ। ਭਾਜਪਾ ਵਾਦੀ ਦੀਆਂ 47 ’ਚੋਂ 10-12 ਸੀਟਾਂ ਜਿੱਤਣ ’ਤੇ ਧਿਆਨ ਦੇਵੇਗੀ। ਬਾਕੀ ਸੀਟਾਂ ’ਤੇ ਉਹ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਹਮਾਇਤ ਦੇ ਸਕਦੀ ਹੈ। 2014 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਜੰਮੂ ਖੇਤਰ ਦੀਆਂ 37 ’ਚੋਂ 25 ਸੀਟਾਂ ਜਿੱਤੀਆਂ ਸਨ। ਹੱਦਬੰਦੀ ਤੋਂ ਬਾਅਦ ਇਹ ਗਿਣਤੀ 43 ਹੋ ਗਈ ਹੈ। ਵਾਦੀ ’ਚ ਸੀਟਾਂ ਦੀ ਗਿਣਤੀ 46 ਦੀ ਬਜਾਏ 47 ਹੋ ਗਈ ਹੈ।


author

Tanu

Content Editor

Related News