ਪਾਕਿ ’ਤੇ PM ਮੋਦੀ ਦਾ ਵਿਅੰਗ, ਆਟੇ ਲਈ ਤਰਸ ਰਿਹੈ ਅੱਤਵਾਦ ਦਾ ਸਪਲਾਇਰ

Friday, Apr 19, 2024 - 07:58 PM (IST)

ਦਮੋਹ (ਐੱਮ. ਪੀ.), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦਾ ਨਾਂ ਲਏ ਬਿਨਾਂ ਉਸ ’ਤੇ ਵਿਅੰਗ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਦੇਸ਼ ਅੱਤਵਾਦ ਦਾ ਸਪਲਾਇਰ ਸੀ, ਉਹ ਇਨ੍ਹੀਂ ਦਿਨੀਂ ਆਟੇ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ ਅਤੇ ਕਈ ਤਾਂ ਦੀਵਾਲੀਏਪਣ ਦੇ ਮੁਹਾਣੇ ’ਤੇ ਪਹੁੰਚ ਚੁੱਕੇ ਹਨ।

ਮੱਧ ਪ੍ਰਦੇਸ਼ ਦੇ ਦਮੋਹ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਫਿਲੀਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਮੁਹੱਈਆ ਕਰਵਾਉਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਇਕ ਸਮੇਂ ’ਚ ਆਪਣੇ ਜ਼ਿਆਦਾਤਰ ਹਥਿਆਰ ਵਿਦੇਸ਼ਾਂ ਤੋਂ ਖਰੀਦਦਾ ਸੀ ਅਤੇ ਹੁਣ ਇਹੀ ਭਾਰਤ ਉੱਚ ਤਕਨੀਕ ਵਾਲੇ ਹਥਿਆਰ ਦੂਜੇ ਦੇਸ਼ਾਂ ਨੂੰ ਬਰਾਮਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਰੱਖਿਆ ਖੇਤਰ ’ਚ ਆਤਮ-ਨਿਰਭਰ ਹੋ ਗਿਆ ਹੈ ਅਤੇ ਇਸ ਸਾਲ ਦੂਜੇ ਦੇਸ਼ਾਂ ਨੂੰ 21,000 ਕਰੋੜ ਰੁਪਏ ਦੇ ਹਥਿਆਰ ਬਰਾਮਦ ਕਰਨ ਦੀ ਤਿਆਰੀ ’ਚ ਹੈ।

ਪੀ. ਐੱਮ. ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ’ਚ ਕੇਂਦਰ ਸਰਕਾਰ ‘ਰਾਸ਼ਟਰ ਪ੍ਰਥਮ’ ਦੇ ਸਿਧਾਂਤ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਦੇ ਵੀ ਕਿਸੇ ਦੇ ਦਬਾਅ ਹੇਠ ਨਹੀਂ ਆਉਂਦੀ ਅਤੇ ਨਾ ਹੀ ਕਿਸੇ ਅੱਗੇ ਝੁਕਦੀ ਹੈ। ਆਪਣੀ ਰੈਲੀ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਇਕ ਵੱਡੀ ਵਿਸ਼ਵ ਸ਼ਕਤੀ ਬਣਾਉਣ ਲਈ ਅਗਲੇ ਪੰਜ ਸਾਲ ਮਹੱਤਵਪੂਰਨ ਹਨ।

ਪੀ. ਐੱਮ. ਮੋਦੀ ਨੇ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਵਿਰੋਧੀ ਧਿਰ ’ਤੇ ਦੇਸ਼ ਦੇ ਰੱਖਿਆ ਖੇਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਭਾਰਤੀ ਹਵਾਈ ਫੌਜ ਲਈ ਫਰਾਂਸ ਦੇ ਬਣੇ ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਵਿਚ ਰੁਕਾਵਟ ਪੈਦਾ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ। ਪੀ. ਐੱਮ. ਮੋਦੀ ਨੇ ਕਿਹਾ ਕਿ ਜੇ ਵਿਰੋਧੀ ਪਾਰਟੀ ਸੱਤਾ ’ਚ ਹੁੰਦੀ ਤਾਂ ਤੇਜਸ ਜਹਾਜ਼ ਅਸਮਾਨ ’ਚ ਨਹੀਂ ਉੱਡ ਸਕਦੇ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਅਗਲੇ ਪੰਜ ਸਾਲਾਂ ’ਚ ਭਾਰਤ ਨੂੰ ਇਕ ਵੱਡੀ ਵਿਸ਼ਵ ਸ਼ਕਤੀ ਬਣਾਉਣ ਲਈ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ’ਚ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਦੇਸ਼ ’ਚ ਇਕ ਮਜ਼ਬੂਤ ​​ਅਤੇ ਸਥਿਰ ਸਰਕਾਰ ਦੀ ਲੋੜ ਹੈ।


Rakesh

Content Editor

Related News