PM ਮੋਦੀ 25ਵੇਂ ਵਿਜੇ ਦਿਵਸ ''ਤੇ ਜਾਣਗੇ ਕਾਰਗਿਲ, ਸ਼ਹੀਦ ਜਵਾਨਾਂ ਨੂੰ ਕਰਨਗੇ ਨਮਨ

Thursday, Jul 25, 2024 - 03:44 PM (IST)

ਸ਼੍ਰੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ 'ਤੇ ਸ਼ੁੱਕਰਵਾਰ ਨੂੰ ਕਾਰਗਿਲ ਦਾ ਦੌਰਾ ਕਰਨਗੇ ਅਤੇ ਉਨ੍ਹਾਂ ਯੁੱਧ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ, ਜਿਨ੍ਹਾਂ ਨੇ ਕਰਤੱਵ ਦੀ ਰਾਹ 'ਤੇ ਕੁਰਬਾਨੀ ਦਿੱਤੀ। ਸਾਲ 1999 ਵਿਚ ਕਾਰਗਿਲ ਯੁੱਧ ਵਿਚ ਪਾਕਿਸਤਾਨ 'ਤੇ ਭਾਰਤੀ ਫੌਜ ਦੀ ਜਿੱਤ ਨੂੰ 26 ਜੁਲਾਈ ਨੂੰ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 25ਵੇਂ ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਸਵੇਰੇ 9.20 ਵਜੇ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਕਰਨਗੇ ਅਤੇ ਉਥੇ ਸ਼ਰਧਾਂਜਲੀ ਭੇਟ ਕਰਨਗੇ। ਵਿਜੇ ਦਿਵਸ ਮੌਕੇ ਤਿੰਨ ਦਿਨਾਂ ਸਮਾਰੋਹ 24 ਜੁਲਾਈ ਨੂੰ ਕਾਰਗਿਲ ਜ਼ਿਲ੍ਹੇ ਦੇ ਦਰਾਸ ਵਿਚ ਸ਼ੁਰੂ ਹੋਇਆ। 

ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਸ਼ਿੰਕੁਨ ਲਾ ਸੁਰੰਗ ਪ੍ਰਾਜੈਕਟ ਦਾ ਵੀ ਸੰਚਾਲਨ ਕਰਨਗੇ। ਸ਼ਿੰਕੁਨ ਲਾ ਸੁਰੰਗ ਪ੍ਰਾਜੈਕਟ ਵਿਚ 4.1 ਕਿਲੋਮੀਟਰ ਲੰਬੀ ਟਵਿਨ-ਟਿਊਬ ਸੁਰੰਗ ਸ਼ਾਮਲ ਹੈ, ਜੋ ਕਿ ਲੇਹ ਨੂੰ ਹਰ ਮੌਸਮ 'ਚ ਸੰਪਰਕ ਪ੍ਰਦਾਨ ਕਰਨ ਲਈ ਨਿਮੂ-ਪਦੁਮ ਦਾਰਚਾ ਰੋਡ 'ਤੇ ਲੱਗਭਗ 15,800 ਫੁੱਟ ਦੀ ਉੱਚਾਈ 'ਤੇ ਕੀਤਾ ਜਾਵੇਗਾ, ਤਾਂ ਕਿ ਲੇਹ ਨੂੰ ਹਰ ਮੌਸਮ ਵਿਚ ਸੰਪਰਕ ਪ੍ਰਦਾਨ ਕੀਤਾ ਜਾ ਸਕੇ। ਇਕ ਵਾਰ ਪੂਰਾ ਹੋਣ ਜਾਣ 'ਤੇ ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ।

ਬੁਲਾਰੇ ਨੇ ਕਿਹਾ ਕਿ ਸ਼ਿੰਕੁਨ ਲਾ ਸੁਰੰਗ ਨਾ ਸਿਰਫ਼ ਸਾਡੇ ਹਥਿਆਰਬੰਦ ਫ਼ੌਜੀਆਂ ਅਤੇ ਉਪਕਰਨਾਂ ਦੀ ਤੇਜ਼ ਆਵਾਜਾਈ ਯਕੀਨੀ ਕਰੇਗੀ, ਸਗੋਂ ਲੱਦਾਖ ਵਿਚ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਹੁਲਾਰਾ ਦੇਵੇਗੀ। ਜ਼ਿਕਰਯੋਗ ਹੈ ਕਿ 1999 'ਚ ਪਾਕਿਸਤਾਨੀ ਫ਼ੌਜੀਆਂ ਅਤੇ ਕਈ ਸਮੂਹਾਂ ਦੇ ਅੱਤਵਾਦੀਆਂ ਨੇ ਰਣਨੀਤਕ ਸ਼੍ਰੀਨਗਰ-ਲੇਹ ਹਾਈਵੇਅ 'ਤੇ ਕੰਟਰੋਲ ਰੇਖਾ ਨੇੜੇ ਦਰਾਸ ਤੋਂ ਬਟਾਲਿਕ ਸੈਕਟਰ ਤੱਕ ਦੀਆਂ ਉੱਚਾਈਆਂ 'ਤੇ ਕਬਜ਼ਾ ਕਰ ਲਿਆ ਸੀ। ਭਾਰਤੀ ਫ਼ੌਜ ਨੇ ਬਾਅਦ 'ਚ ਭਾਰਤੀ ਹਵਾਈ ਫ਼ੌਜ ਨਾਲ ਮਿਲ ਕੇ ਇਕ ਵੱਡਾ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ 74 ਦਿਨ ਦੀ ਲੜਾਈ ਮਗਰੋਂ ਆਪਣੇ ਖੇਤਰ ਨੂੰ ਵਾਪਸ ਜਿੱਤਣ 'ਚ ਸਫ਼ਲ ਰਹੀ। ਉਦੋਂ ਤੋਂ ਫ਼ੌਜ 26 ਜੁਲਾਈ ਨੂੰ ਵਿਜੇ ਦਿਵਸ ਵਜੋਂ ਮਨਾ ਰਹੀ ਹੈ, ਜਿਸ ਦਾ ਮੁੱਖ ਸਮਾਰੋਹ ਦਰਾਸ ਵਿਖੇ ਆਯੋਜਿਤ ਕੀਤਾ ਜਾਂਦਾ ਹੈ।


Tanu

Content Editor

Related News