ਅੱਜ ਰੋਹਤਕ ਰੈਲੀ 'ਚ ਪਹੁੰਚੇ PM ਮੋਦੀ, ਕਈ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
Sunday, Sep 08, 2019 - 01:18 PM (IST)

ਚੰਡੀਗੜ੍ਹ—ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਵਿਜੇ ਸੰਕਲਪ ਰੈਲੀ' ਨੂੰ ਸੰਬੋਧਿਤ ਕਰਨ ਲਈ ਹਰਿਆਣਾ ਦੇ ਰੋਹਤਕ ਜ਼ਿਲੇ 'ਚ ਪਹੁੰਚ ਚੁੱਕੇ ਹਨ। ਪੂਰਾ ਪੰਡਾਲ 'ਭਾਰਤ ਮਾਤਾ ਅਤੇ ਵੰਦੇ ਮਾਤਰਮ' ਦੇ ਨਾਅਰਿਆਂ ਨਾਲ ਗੂੰਜ ਰਿਹਾ ਹੈ। ਲੋਕ ਪੂਰੇ ਜ਼ੋਸ਼ ਨਾਲ ਮੋਦੀ-ਮੋਦੀ ਦੇ ਨਾਅਰੇ ਲਗਾ ਰਹੇ ਹਨ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਪੀ. ਐੱਮ. ਮੋਦੀ ਹਰਿਆਣਾ ਦੌਰੇ 'ਤੇ ਹਨ।
ਹਰਿਆਣਾ ਨੂੰ ਭਾਜਪਾ ਸਰਕਾਰ ਦੇ 'ਡਬਲ ਇੰਜਣ' ਦਾ ਪੂਰਾ ਲਾਭ ਮਿਲਿਆ ਹੈ। ਕੇਂਦਰ ਸਰਕਾਰ ਦੀ ਮਦਦ ਨਾਲ 25,000 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ 2,000 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਅੱਜ ਇੱਥੇ ਰੋਹਤਕ 'ਚ ਲਗਭਗ 600 ਗਰੀਬ ਪਰਿਵਾਰਾਂ ਨੂੰ ਘਰ ਵੀ ਦਿੱਤੇ ਗਏ। ਇਸ ਦੇ ਨਾਲ ਹੀ ਮੇਗਾ ਫੂਡਪਾਰਕ ਦਾ ਉਦਘਾਟਨ ਵੀ ਕੀਤਾ ਗਿਆ ਹੈ। ਇਹ ਫੂਡ ਪਾਰਕ ਹਰਿਆਣਾ ਦੇ ਕਿਸਾਨਾਂ ਅਤੇ ਨੌਜਵਾਨ ਸਾਥੀਆਂ ਲਈ ਆਮਦਨ ਅਤੇ ਰੋਜ਼ਗਾਰ ਦੇ ਕਈ ਮੌਕੇ ਤਿਆਰ ਕਰਨ ਵਾਲਾ ਹੈ। ਪੀ. ਐੱਮ. ਮੋਦੀ ਨੇ ਹਰਿਆਣਾ 'ਚ ਜਾਰੀ ਵਿਕਾਸ ਪ੍ਰੋਜੈਕਟਾਂ ਲਈ ਸਾਰਿਆਂ ਨੂੰ ਵਧਾਈ ਦਿੱਤੀ।
ਦੱਸਣਯੋਗ ਹੈ ਕਿ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਜੈ ਸੰਕਲਪ ਰੈਲੀ ਰਾਹੀਂ ਹਰਿਆਣਾ 'ਚ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਦੱਸਣਯੋਗ ਹੈ ਕਿ ਹਰਿਆਣਾ 'ਚ ਇਸ ਸਾਲ ਅਕਤੂਬਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।