PM ਮੋਦੀ ਭਲਕੇ J-K ਬੈਂਕ ਸਮੇਤ 75 ਡਿਜੀਟਲ ਬੈਂਕਿੰਗ ਯੂਨਿਟਾਂ ਦਾ ਕਰਨਗੇ ਉਦਘਾਟਨ

10/15/2022 1:48:15 PM

ਸ਼੍ਰੀਨਗਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਜੰਮੂ ਕਸ਼ਮੀਰ ਬੈਂਕ ਦੀਆਂ 2 ਡਿਜੀਟਲ ਬੈਂਕਿੰਗ ਇਕਾਈਆਂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਵਿੱਤੀ ਸਮਾਵੇਸ਼ ਨੂੰ ਡੂੰਘਾ ਕਰਨ ਲਈ ਪ੍ਰਧਾਨ ਮੰਤਰੀ ਐਤਵਾਰ ਨੂੰ ਦੇਸ਼ ਭਰ ਦੇ ਵੱਖ-ਵੱਖ ਬੈਂਕਾਂ ਦੀਆਂ 75 ਡਿਜੀਟਲ ਇਕਾਈਆਂ (ਡੀ.ਬੀ.ਯੂ) ਦਾ ਉਦਘਾਟਨ ਕਰਨਗੇ, ਜਿਨ੍ਹਾਂ 'ਚੋਂ 2 ਜੰਮੂ ਅਤੇ ਕਸ਼ਮੀਰ ਬੈਂਕ ਦੇ ਹਨ। ਇਸ ਮੌਕੇ ਪੀ.ਐੱਮ. ਮੋਦੀ ਦੇਸ਼ ਨੂੰ ਸੰਬੋਧਨ ਵੀ ਕਰਨਗੇ। ਦੋਹਾਂ 'ਚੋਂ ਇਕ ਸ਼੍ਰੀਨਗਰ ਦੇ ਲਾਲ ਚੌਕ 'ਤੇ ਐੱਸ.ਐੱਸ.ਆਈ. ਬਰਾਂਚ ਹੈ ਅਤੇ ਦੂਜੀ ਜੰਮੂ 'ਚ ਚੰਨੀ ਰਾਮਾ ਬਰਾਂਚ ਹੈ। 

ਕੇਂਦਰੀ ਬਜਟ 2022-23 ਦੇ ਹਿੱਸੇ ਵਜੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਯਾਦ 'ਚ ਦੇਸ਼ ਦੇ ਕਈ ਜ਼ਿਲ੍ਹਿਆਂ 'ਚ 75 ਡੀ.ਬੀ.ਯੂ. ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਡੀ.ਬੀ.ਯੂ. ਦੀ ਸਥਾਪਨਾ ਇਹ ਯਕੀਨੀ ਕਰਨ ਲਈ ਕੀਤੀ ਜਾ ਰਹੀ ਹੈ ਕਿ ਡਿਜੀਟਲ ਬੈਂਕਿੰਗ ਦਾ ਲਾਭ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇ। ਜਨਤਕ ਖੇਤਰ ਦੇ 11 ਬੈਂਕ, ਨਿੱਜੀ ਖੇਤਰ ਦੇ 12 ਬੈਂਕ ਅਤੇ ਇਕ ਲਘੂ (ਛੋਟੇ) ਵਿੱਤ ਬੈਂਕ ਇਸ ਕੋਸ਼ਿਸ਼ 'ਚ ਹਿੱਸਾ ਲੈ ਰਹੇ ਹਨ। ਡੀ.ਬੀ.ਯੂ. ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਡਿਜੀਟਲ ਬੈਂਕਿੰਗ ਸਹੂਲਤਾਂ ਪ੍ਰਦਾਨ ਕਰੇਗਾ, ਜਿਵੇਂ ਕਿ ਬਚਤ ਖਾਤਾ ਖੋਲ੍ਹਣਾ, ਖਾਤਾ ਬਾਕੀ ਰਾਸ਼ੀ ਦੀ ਜਾਂਚ, ਪਾਸਬੁੱਕ ਦੀ ਛਪਾਈ, ਪੈਸੇ ਟਰਾਂਸਫਰ, ਫਿਕਸਡ ਡਿਪਾਜ਼ਿਟ ਨਿਵੇਸ਼, ਲੋਨ (ਕਰਜ਼) ਐਪਲੀਕੇਸ਼ਨ, ਕ੍ਰੈਡਿਟ ਜਾਂ ਡੈਬਿਟ ਕਾਰਡਾਂ ਲਈ ਅਰਜ਼ੀ ਅਤੇ ਬਿੱਲ ਅਤੇ ਟੈਕਸ ਭੁਗਤਾਨ।


DIsha

Content Editor

Related News