PM ਮੋਦੀ ਬਾਲੀ ’ਚ ਜੀ-20 ਸ਼ਿਖਰ ਸੰਮੇਲਨ ਦੇ 3 ਮੁੱਖ ਸੈਸ਼ਨਾਂ ’ਚ ਲੈਣਗੇ ਹਿੱਸਾ
Sunday, Nov 13, 2022 - 04:25 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲੀ ’ਚ ਜੀ-20 ਸ਼ਿਖਰ ਸੰਮੇਲਨ ਦੇ ਤਿੰਨ ਮੁੱਖ ਸੈਸ਼ਨਾਂ- ਖੁਰਾਕ ਅਤੇ ਊਰਜਾ ਸੁਰੱਖਿਆ, ਡਿਜੀਟਲ ਪਰਿਵਰਤਨ ਅਤੇ ਸਿਹਤ ’ਚ ਹਿੱਸਾ ਲੈਣਗੇ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸ਼ਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਲਈ ਰਵਾਨਾ ਹੋਣਗੇ, ਜਿੱਥੇ ਯੂਕਰੇਨ ਸੰਘਰਸ਼ ਅਤੇ ਇਸ ਦੇ ਪ੍ਰਭਾਵਾਂ ਸਮੇਤ ਵਿਸ਼ਵ-ਵਿਆਪੀ ਚੁਣੌਤੀਆਂ 'ਤੇ ਵਿਆਪਕ ਚਰਚਾ ਦੀ ਉਮੀਦ ਹੈ।
ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਨੇਤਾ ਗਲੋਬਲ ਅਰਥਵਿਵਸਥਾ, ਊਰਜਾ, ਵਾਤਾਵਰਣ, ਡਿਜੀਟਲ ਟਰਾਂਸਫਾਰਮੇਸ਼ਨ ਵਰਗੇ ਮੁੱਦਿਆਂ 'ਤੇ ਚਰਚਾ ਕਰਨਗੇ। ਇਸ ਸੰਮੇਲਨ 'ਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਰਮਨ ਚਾਂਸਲਰ ਓਲਾਫ ਸ਼ੋਲਜ਼ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸ਼ਾਮਲ ਹੋਣਗੇ। ਕਵਾਤਰਾ ਨੇ ਕਿਹਾ ਕਿ ਮੋਦੀ ਜੀ-20 ਦੇ ਕੁਝ ਨੇਤਾਵਾਂ ਨਾਲ ਕਈ ਦੋ-ਪੱਖੀ ਬੈਠਕਾਂ ਵੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਸੱਦੇ 'ਤੇ ਸੰਮੇਲਨ 'ਚ ਹਿੱਸਾ ਲੈ ਰਹੇ ਹਨ। ਇੰਡੋਨੇਸ਼ੀਆ ਜੀ-20 ਦਾ ਮੌਜੂਦਾ ਪ੍ਰਧਾਨ ਹੈ।
ਦੱਸ ਦੇਈਏ ਕਿ ਭਾਰਤ 1 ਦਸੰਬਰ ਤੋਂ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਜੀ-20 ਜਾਂ 20 ਦੇਸ਼ਾਂ ਦਾ ਸਮੂਹ ਵਿਸ਼ਵ ਦੀਆਂ ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਅੰਤਰ-ਸਰਕਾਰੀ ਮੰਚ ਹੈ। ਜੀ-20 ਸਮੂਹ ਵਿਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂ.ਕੇ, ਅਮਰੀਕਾ ਅਤੇ ਯੂਰਪੀਅਨ ਯੂਨੀਅਨ (ਈਯੂ) ਸ਼ਾਮਲ ਹਨ।