PM ਮੋਦੀ 24 ਸਤੰਬਰ ਨੂੰ ਵਾਸ਼ਿੰਗਟਨ ’ਚ ਕਵਾਡ ਸਿਖ਼ਰ ਸੰਮੇਲਨ ’ਚ ਲੈਣਗੇ ਹਿੱਸਾ
Tuesday, Sep 14, 2021 - 03:18 PM (IST)
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਸਤੰਬਰ ਨੂੰ ਵਾਸ਼ਿੰਗਟਨ ਵਿਚ ਕਵਾਡ ਨੇਤਾਵਾਂ ਦੇ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣਗੇ। ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਮੰਤਰਾਲਾ ਨੇ ਇਕ ਬਿਆਨ ਵਿਚ ਦੱਸਿਆ ਕਿ ਪ੍ਰਧਾਨ ਮੰਤਰੀ 25 ਸਤੰਬਰ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 76ਵੇਂ ਸੈਸ਼ਨ ਦੇ ਇਕ ਉਚ ਪੱਧਰੀ ਵਿਭਾਗ ਦੀ ਆਮ ਸਭਾ ਨੂੰ ਵੀ ਸੰਬੋਧਿਤ ਕਰਨਗੇ।
ਮੰਤਰਾਲਾ ਨੇ ਬਿਆਨ ਵਿਚ ਕਿਹਾ, ‘ਪ੍ਰਧਾਨ ਮੰਤਰੀ 24 ਸਤੰਬਰ ਨੂੰ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਕਵਾਡ ਨੇਤਾਵਾਂ ਦੇ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣਗੇ।’ ਬਿਆਨ ਵਿਚ ਦੱਸਿਆ ਗਿਆ ਕਿ ਇਹ ਨੇਤਾ 12 ਮਾਰਚ ਨੂੰ ਆਨਲਾਈਨ ਹੋਏ ਸਿਖ਼ਰ ਸੰਮੇਲਨ ਦੇ ਬਾਅਦ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ ਅਤੇ ਸਾਂਝੇ ਹਿੱਤਾਂ ਦੇ ਖੇਤਰੀ ਮੁੱਦਿਆਂ ’ਤੇ ਚਰਚਾ ਕਰਨਗੇ। ਮੰਤਰਾਲਾ ਨੇ ਕਿਹਾ, ‘ਕੋਵਿਡ-19 ਗਲੋਬਲ ਮਹਾਮਾਰੀ ਨਾਲ ਨਜਿੱਠਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਤੌਰ ’ਤੇ ਉਹ ਕਵਾਡ ਟੀਕਾਕਰਨ ਪਹਿਲ ਦੀ ਸਮੀਖਿਆ ਕਰਨਗੇ, ਜਿਸ ਦਾ ਐਲਾਨ ਮਾਰਚ ਵਿਚ ਕੀਤਾ ਗਿਆ ਸੀ।’
ਇਹ ਵੀ ਪੜ੍ਹੋ: ਅਫ਼ਗਾਨੀ ਔਰਤਾਂ ਕਰਨਾ ਚਾਹੁੰਦੀਆਂ ਹਨ ਨੌਕਰੀ, ਦਫ਼ਤਰ ਆਉਣ ਤੋਂ ਰੋਕ ਰਿਹੈ ਤਾਲਿਬਾਨ
ਬਿਆਨ ਵਿਚ ਕਿਹਾ ਗਿਆ ਨੇਤਾ ਸਮਕਾਲੀ ਗਲੋਬਲ ਮੁਦਿਆਂ ਜਿਵੇਂ ਮਹੱਤਵਪੂਰਨ ਅਤੇ ਉਭਰ ਰਹੀਆਂ ਤਕਨਾਲੋਜੀਆਂ, ਸੰਪਰਕ ਅਤੇ ਬੁਨਿਆਦੀ ਢਾਂਚੇ, ਸਾਈਬਰ ਸੁਰੱਖਿਆ, ਸਮੁੰਦਰੀ ਸੁਰੱਖਿਆ, ਮਨੁੱਖੀ ਮਦਦ, ਆਫ਼ਤ ਰਾਹਤ, ਜਲਵਾਯੂ ਤਬਦੀਲੀ ਅਤੇ ਸਿੱਖਿਆ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਮੰਤਰਾਲਾ ਨੇ ਕਿਹਾ, ‘ਸਿਖ਼ਰ ਸੰਮੇਲਨ, ਨੇਤਾਵਾਂ ਵਿਚਾਲੇ ਗੱਲਬਾਤ ਲਈ ਇਕ ਕੀਮਤੀ ਮੌਕਾ ਪ੍ਰਦਾਨ ਕਰੇਗਾ, ਜੋ ਇਕ ਆਜ਼ਾਦ, ਮੁਕਤ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਨੂੰ ਯਕੀਨੀ ਕਰਨ ਦੇ ਉਨ੍ਹਾਂ ਦੇ ਸਾਂਝੇ ਦ੍ਰਿਸ਼ਟੀਕੋਣ ’ਤੇ ਆਧਾਰਿਤ ਹੈ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।