ਜੰਮੂ ਕਸ਼ਮੀਰ ਚੋਣਾਂ : PM ਮੋਦੀ ਭਲਕੇ ਡੋਡਾ 'ਚ ਰੈਲੀ ਨੂੰ ਕਰਨਗੇ ਸੰਬੋਧਨ

Friday, Sep 13, 2024 - 05:27 PM (IST)

ਜੰਮੂ ਕਸ਼ਮੀਰ ਚੋਣਾਂ : PM ਮੋਦੀ ਭਲਕੇ ਡੋਡਾ 'ਚ ਰੈਲੀ ਨੂੰ ਕਰਨਗੇ ਸੰਬੋਧਨ

ਜੰਮੂ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਜੰਮੂ ਕਸ਼ਮੀਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਪ੍ਰਚਾਰ ਰੈਲੀ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਡੋਡਾ ਜ਼ਿਲ੍ਹੇ 'ਚ ਬਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਜ਼ਿਲ੍ਹੇ 'ਚ 18 ਸਤੰਬਰ ਨੂੰ ਚਿਨਾਬ ਘਾਟੀ ਦੇ ਤਿੰਨ ਜ਼ਿਲ੍ਹਿਆਂ ਦੀਆਂ 8 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ, ਪ੍ਰਧਾਨ ਮੰਤਰੀ ਨੇ ਕਿਸ਼ਤਵਾੜ ਜ਼ਿਲ੍ਹੇ 'ਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕੀਤਾ ਸੀ। ਪਾਰਟੀ ਸੂਤਰਾਂ ਅਨੁਸਾਰ ਡੋਡਾ ਦੇ ਲੋਕ ਉਦੋਂ ਤੋਂ ਪ੍ਰਧਾਨ ਮੰਤਰੀ ਦੇਖਣ ਅਤੇ ਸੁਣਨ ਦੀ ਮੰਗ ਕਰ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਡੋਡਾ ਨੂੰ ਰੈਲੀ ਸਥਾਨ ਵਜੋਂ ਪ੍ਰਧਾਨ ਮੰਤਰੀ ਨੇ ਖ਼ੁਦ ਚੁਣਿਆ ਹੈ। ਇਸ ਤੋਂ ਇਲਾਵਾ ਸਮਾਂ ਮਿਲਣ 'ਤੇ ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਜੰਮੂ ਡਿਵੀਜ਼ਨ 'ਚ ਇਕ ਹੋਰ ਚੋਣ ਰੈਲੀ ਨੂੰ ਵੀ ਸੰਬੋਧਨ ਕਰ ਸਕਦੇ ਹਨ। ਪਾਰਟੀ ਸੂਤਰਾਂ ਅਨੁਸਾਰ, ਨਰਿੰਦਰ ਮੋਦੀ ਦਾ ਦੌਰਾ ਭਾਜਪਾ ਉਮੀਦਵਾਰਾਂ ਦੀਆਂ ਚੋਣ ਸੰਭਾਵਾਂ ਨੂੰ ਹੁਲਾਰਾ ਦੇਣ 'ਚ ਅਹਿਮ ਭੂਮਿਕਾ ਨਿਭਾਏਗਾ। ਸੁਰੱਖਿਆ ਫ਼ੋਰਸਾਂ ਅਤੇ ਪੁਲਸ ਵਲੋਂ ਚਿਨਾਬ ਘਾਟੀ ਖੇਤਰ 'ਚ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਤਾਂ ਕਿ ਵੀ.ਵੀ.ਆਈ.ਪੀ. ਅਤੇ ਵੱਡੀ ਗਿਣਤੀ 'ਚ ਲੋਕਾਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ, ਜੋ ਪ੍ਰਧਾਨ ਮੰਤਰੀ ਨੂੰ ਸੁਣਨ ਲਈ ਆਉਣਗੇ।

ਭਾਜਪਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ, ਜੋ ਪਾਰਟੀ ਦੇ ਮੁੱਖ ਪ੍ਰਚਾਰਕ ਹਨ, ਹਰ ਪੜਾਅ 'ਚ ਚੋਣ ਪ੍ਰਚਾਰ ਲਈ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ। ਪਾਰਟੀ ਜੰਮੂ ਡਿਵੀਜ਼ਨ ਦੀਆਂ ਸਾਰੀਆਂ 43 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਰਹੀ ਹੈ। ਪਿਛਲੀਆਂ ਜੰਮੂ ਕਸ਼ਮੀਰ ਵਿਧਾਨ ਸਭਾ 'ਚ ਭਾਜਪਾ ਦੇ 25 ਵਿਧਾਇਕ ਸਨ। ਪ੍ਰਧਾਨ ਮੰਤਰੀ ਮੋਦੀ ਦੇ 19 ਸਤੰਬਰ ਨੂੰ ਘਾਟੀ 'ਚ ਇਕ ਹੋਰ ਰੈਲੀ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਹੈ, ਜੋ ਸ਼੍ਰੀਨਗਰ 'ਚ ਆਯੋਜਿਤ ਹੋਵੇਗੀ। ਜੰਮੂ ਕਸ਼ਮੀਰ 'ਚ ਤਿੰਨ ਪੜਾਵਾਂ 'ਚ ਵੋਟਿੰਗ ਹੋਵੇਗੀ। ਜਿਸ ਲਈ 18 ਸਤੰਬਰ, 25 ਸਤੰਬਰ ਅਤੇ ਇਕ ਅਕਤੂਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਜੰਮੂ ਕਸ਼ਮੀਰ 'ਚ 10 ਸਾਲਾਂ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਧਾਰਾ 370 ਅਤੇ 35 ਏ ਹਟਣ ਤੋਂ ਬਾਅਦ ਇਹ ਪਹਿਲੀ ਚੋਣ ਹੈ। 2014 'ਚ ਮਹਿਬੂਬਾ ਮੁਫਤੀ ਦੀ ਅਗਵਾਈ 'ਚ ਪੀਡੀਪੀ-ਭਾਜਪਾ ਗਠਜੋੜ ਦੀ ਸਰਕਾਰ ਸੀ ਪਰ 2018 'ਚ ਭਾਜਪਾ ਨੇ ਇਸ ਗਠਜੋੜ ਤੋਂ ਬਾਹਰ ਆ ਕੇ ਸਰਕਾਰ ਨੂੰ ਡੇਗ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News