ਜ਼ਿਲ੍ਹਾ ਅਧਿਕਾਰੀਆਂ ਨੂੰ PM ਮੋਦੀ ਬੋਲੇ- ਜਦੋਂ ਤੁਹਾਡਾ ਜ਼ਿਲਾ ਕੋਰੋਨਾ ਨੂੰ ਹਰਾਏਗਾ ਤਾਂ ਦੇਸ਼ ‘ਕੋਰੋਨਾ ਤੋਂ ਜੰਗ’ ਜਿੱਤੇਗਾ

05/18/2021 2:02:58 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ 46 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਕੋਰੋਨਾ ’ਤੇ ਚਰਚਾ ਕੀਤੀ। ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਭਾਰਤ ’ਚ ਕਹਿਰ ਵਰ੍ਹਾ ਰਹੀ ਹੈ। ਇਹ ਮਹਾਮਾਰੀ ਹੁਣ ਪੇਂਡੂ ਇਲਾਕਿਆਂ ’ਚ ਵੀ ਪੈਰ ਪਸਾਰ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਚਰਚਾ ਦੌਰਾਨ ਕਿਹਾ ਕਿ ਜੇਕਰ ਤੁਹਾਡਾ ਜ਼ਿਲ੍ਹਾ ਇਹ ਲੜਾਈ ਜਿੱਤਦਾ ਹੈ ਤਾਂ ਇਹ ਪੂਰੇ ਦੇਸ਼ ਦੀ ਜਿੱਤ ਹੋਵੇਗੀ ਕਿਉਂਕਿ ਇਸ ਨਾਲ ਦੂਜਿਆਂ ਨੂੰ ਸਿੱਖਣ ਨੂੰ ਮਿਲੇਗਾ। ਸਾਨੂੰ ਇਸ ਲੜਾਈ ਵਿਚ ਇਕ-ਇਕ ਜ਼ਿੰਦਗੀ ਨੂੰ ਬਚਾਉਣਾ ਹੈ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕਰੋ ਕਿਉਂਕਿ ਇਸ ਨਾਲ ਕਾਫੀ ਹੱਦ ਤੱਕ ਕੋਰੋਨਾ ਖ਼ਿਲਾਫ਼ ਜੰਗ ’ਚ ਮਦਦ ਮਿਲੇਗੀ। ਵੱਡੇ ਪੱਧਰ ’ਤੇ ਇਸ ਦੀ ਸਪਲਾਈ ਯਕੀਨੀ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। 

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਆਪਣੇ ਜ਼ਿਲ੍ਹਿਆਂ ਵਿਚ ਕੀ ਕੀਤਾ ਹੈ, ਉਹ ਮੈਨੂੰ ਲਿਖ ਕੇ ਭੇਜੋ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਜ਼ਿਲ੍ਹਿਆਂ ਨੂੰ ਕੋਰੋਨਾ ਮੁਕਤ ਕਰੋ। ਲੋਕਾਂ ਨੂੰ ਸਹੀ ਅਤੇ ਸਟੀਕ ਜਾਣਕਾਰੀ ਦੇਣੀ ਹੋਵੇਗੀ। ਫਰੰਟ ਲਾਈਨ ਵਰਕਰਾਂ ਨੂੰ ਹੱਲਾ-ਸ਼ੇਰੀ ਦੇਣੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨਾਲ ਆਕਸੀਜਨ ਅਤੇ ਕੋਰੋਨਾ ਦਵਾਈਆਂ ਦੀ ਕਾਲਾਬਾਜ਼ਾਰੀ ਕਰ ਰਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਕਿਹਾ। ਮੋਦੀ ਨੇ ਕਿਹਾ ਕਿ ਟੈਸਟਿੰਗ-ਟ੍ਰੈਕਿੰਗ-ਟ੍ਰੀਟਮੈਂਟ-ਆਈਸੋਲੇਸ਼ਨ ’ਤੇ ਜ਼ੋਰ ਦੇਣਾ ਵੀ ਜ਼ਰੂਰੀ ਹੈ। ਪਿੰਡ-ਪਿੰਡ ਵਿਚ ਜਾਗਰੂਕਤਾ ਬੇਹੱਦ ਲਾਜ਼ਮੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀ. ਐੱਮ. ਕੇਅਰਸ ਜ਼ਰੀਏ ਦੇਸ਼ ਦੇ ਹਰ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਆਕਸੀਜਨਪਲਾਂਟ ਲਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਕਈ ਹਸਪਤਾਲਾਂ ਵਿਚ ਇਨ੍ਹਾਂ ਪਲਾਂਟਾਂ  ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਰੋਨਾ ’ਤੇ ਚਰਚਾ ’ਚ ਕਰਨਾਟਕ, ਬਿਹਾਰ, ਅਸਾਮ, ਚੰਡੀਗੜ੍ਹ, ਉੱਤਰਾਖੰਡ, ਤਾਮਿਲਨਾਡੂ, ਮੱਧ ਪ੍ਰਦੇਸ਼, ਗੋਆ, ਹਿਮਾਚਲ ਪ੍ਰਦੇਸ਼, ਦਿੱਲੀ ਦੇ ਅਧਿਕਾਰੀਆਂ ਨੇ ਬੈਠਕ ਕੀਤੀ। 


Tanu

Content Editor

Related News