PM ਮੋਦੀ ਨੇ ਛੱਤੀਸਗੜ੍ਹ ''ਚ ਹੋਏ ਨਕਸਲੀ ਹਮਲੇ ਦੀ ਕੀਤੀ ਸਖ਼ਤ ਨਿੰਦਾ
Wednesday, Apr 26, 2023 - 05:20 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਛੱਤੀਸਗੜ੍ਹ ਦੇ ਦੰਤੇਵਾੜਾ 'ਚ ਹੋਏ ਨਕਸਲੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਦੰਤੇਵਾੜਾ ਜ਼ਿਲ੍ਹੇ 'ਚ ਨਕਸਲੀਆਂ ਵਲੋਂ ਕੀਤੇ ਗਏ ਧਮਾਕੇ 'ਚ 10 ਜਵਾਨ ਸ਼ਹੀਦ ਹੋ ਗਏ ਅਤੇ ਇਕ ਚਾਲਕ ਦੀ ਮੌਤ ਹੋ ਗਈ।
ਪ੍ਰਧਾਨ ਮੰਤਰੀ ਨੇ ਟਵੀਟ 'ਚ ਕਿਹਾ,''ਦੰਤੇਵਾੜਾ 'ਚ ਛੱਤੀਸਗੜ੍ਹ ਪੁਲਸ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਮੈਂ ਉਨ੍ਹਾਂ ਬਹਾਦਰ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੂੰ ਅਸੀਂ ਹਮਲੇ 'ਚ ਗੁਆ ਦਿੱਤਾ। ਉਨ੍ਹਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਹਮਦਰੀ।'' ਇਕ ਸੀਨੀਅਰ ਅਧਿਕਾਰੀ ਅਨੁਸਾਰ ਇਹ ਘਟਨਾ ਅਰਨਪੁਰ ਥਾਣਾ ਖੇਤਰ ਦੇ ਅਧੀਨ ਉਸ ਸਮੇਂ ਹੋਈ, ਜਦੋਂ ਰਾਜ ਪੁਲਸ ਦੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦਾ ਇਕ ਦਲ ਨਕਸਲ ਵਿਰੋਧੀ ਮੁਹਿੰਮ ਤੋਂ ਆ ਰਿਹਾ ਸੀ। ਇਹ ਖੇਤਰ ਰਾਜ ਦੀ ਰਾਜਧਾਨੀ ਰਾਮਪੁਰ ਤੋਂ ਲਗਭਗ 450 ਕਿਲੋਮੀਟਰ ਦੂਰ ਸਥਿਤ ਹੈ। ਨਕਸਲੀਆਂ ਨੇ ਮਾਲ ਢੁਆਉਣ ਵਾਲੀ ਉਸ ਮਿੰਨੀ ਵੈਨ ਨੂੰ ਧਮਾਕੇ ਨਾਲ ਉਡਾ ਦਿੱਤਾ, ਜਿਸ 'ਚ ਸੁਰੱਖਿਆ ਕਰਮੀ ਯਾਤਰਾ ਕਰ ਰਹੇ ਸਨ।
ਇਹ ਵੀ ਪੜ੍ਹੋ : ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਕੀਤਾ ਧਮਾਕਾ, 10 ਜਵਾਨ ਸ਼ਹੀਦ