PM ਮੋਦੀ ਨੇ ਨੇਤਨਯਾਹੂ ਨਾਲ ਕੀਤੀ ਗੱਲ, ਕਿਹਾ- ''ਭਾਰਤ ਸ਼ਾਂਤੀ ਲਈ ਵਚਨਬੱਧ''

Monday, Sep 30, 2024 - 09:20 PM (IST)

ਨੈਸ਼ਨਲ ਡੈਸਕ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ। ਇਸ ਦੀ ਜਾਣਕਾਰੀ ਖੁਦ ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਲਈ ਵਚਨਬੱਧ ਹੈ ਅਤੇ ਸਾਡੀ ਦੁਨੀਆ 'ਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਜਾਣਕਾਰੀ ਦਿੰਦੇ ਹੋਏ, ਪੀਐੱਮ ਨੇ ਐਕਸ 'ਤੇ ਲਿਖਿਆ, ਪੱਛਮੀ ਏਸ਼ੀਆ ਵਿੱਚ ਹੋ ਰਹੇ ਹਾਲ ਹੀ ਦੇ ਘਟਨਾਕ੍ਰਮ ਬਾਰੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਚਰਚਾ ਕੀਤੀ ਗਈ। ਸਾਡੇ ਸੰਸਾਰ 'ਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ। ਖੇਤਰ 'ਚ ਤਣਾਅ ਨੂੰ ਰੋਕਣਾ ਅਤੇ ਸਾਰੇ ਬੰਧਕਾਂ ਦੀ ਸੁਰੱਖਿਅਤ ਰਿਹਾਈ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ। ਭਾਰਤ ਸ਼ਾਂਤੀ ਅਤੇ ਸਥਿਰਤਾ ਦੀ ਛੇਤੀ ਬਹਾਲੀ ਲਈ ਯਤਨਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ ਦੇ ਲੋਕਾਂ ਨੂੰ ਸਿੱਧੇ ਤੌਰ 'ਤੇ ਸੰਬੋਧਨ ਕਰਦੇ ਹੋਏ ਈਰਾਨੀ ਸ਼ਾਸਨ ਦੀ ਸਖਤ ਆਲੋਚਨਾ ਕੀਤੀ। ਉਸ ਨੇ ਕਿਹਾ ਕਿ ਹਰ ਰੋਜ਼, ਈਰਾਨੀ ਸ਼ਾਸਨ ਤੁਹਾਨੂੰ ਦਬਾ ਰਿਹਾ ਹੈ ਅਤੇ ਪੂਰੇ ਖੇਤਰ ਨੂੰ ਯੁੱਧ ਅਤੇ ਹਨੇਰੇ ਵਿਚ ਧੱਕ ਰਿਹਾ ਹੈ। ਈਰਾਨ ਦੇ ਨੇਤਾਵਾਂ ਦੀ ਤਰਜੀਹ ਲੋਕਾਂ ਦੀ ਭਲਾਈ ਨਹੀਂ ਹੈ, ਸਗੋਂ ਲੇਬਨਾਨ ਤੇ ਗਾਜ਼ਾ 'ਚ ਬੇਲੋੜੀਆਂ ਜੰਗਾਂ 'ਤੇ ਪੈਸਾ ਬਰਬਾਦ ਕਰਨਾ ਹੈ। ਕਲਪਨਾ ਕਰੋ ਕਿ ਜੇ ਈਰਾਨ ਦੇ ਨੇਤਾ ਪਰਮਾਣੂ ਹਥਿਆਰਾਂ ਤੇ ਵਿਦੇਸ਼ੀ ਯੁੱਧਾਂ 'ਤੇ ਬਰਬਾਦ ਕਰ ਰਹੇ ਪੈਸੇ ਨੂੰ ਤੁਹਾਡੀ ਸਿੱਖਿਆ, ਸਿਹਤ ਅਤੇ ਦੇਸ਼ ਦੇ ਵਿਕਾਸ ਵਿਚ ਲਗਾਇਆ ਜਾਂਦਾ।

ਹਿਜ਼ਬੁੱਲਾ ਕਮਾਂਡਰ ਨਬੀਲ ਕੌਕ ਮਾਰਿਆ ਗਿਆ
ਇਸ ਦੇ ਨਾਲ ਹੀ, ਐਤਵਾਰ ਨੂੰ ਇੱਕ ਭਿਆਨਕ ਹਵਾਈ ਹਮਲੇ ਵਿੱਚ, ਇਜ਼ਰਾਈਲ ਰੱਖਿਆ ਬਲਾਂ ਨੇ ਹਿਜ਼ਬੁੱਲਾ ਦੇ ਇੱਕ ਸੀਨੀਅਰ ਕਮਾਂਡਰ ਨਬੀਲ ਕੌਕ ਨੂੰ ਮਾਰ ਦਿੱਤਾ। ਉਹ ਹਿਜ਼ਬੁੱਲਾ ਦੀ ਰੋਕਥਾਮ ਸੁਰੱਖਿਆ ਯੂਨਿਟ ਦਾ ਕਮਾਂਡਰ ਅਤੇ ਕਾਰਜਕਾਰੀ ਕੌਂਸਲ ਦਾ ਸੀਨੀਅਰ ਮੈਂਬਰ ਸੀ। ਉਹ ਹਾਲ ਹੀ ਵਿੱਚ ਮਾਰੇ ਗਏ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦਾ ਕਰੀਬੀ ਮੰਨਿਆ ਜਾਂਦਾ ਸੀ। ਇਸ ਦੀ ਮੌਤ ਨੂੰ ਇਜ਼ਰਾਇਲੀ ਫੌਜ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਜ਼ਰਾਇਲੀ ਹਵਾਈ ਫੌਜ ਨੇ ਬੇਰੂਤ 'ਚ ਤੇਜ਼ ਹਮਲੇ ਕੀਤੇ ਸਨ, ਜਿਸ 'ਚ ਹਿਜ਼ਬੁੱਲਾ ਦੇ ਸਾਬਕਾ ਮੁਖੀ ਹਸਨ ਨਸਰੁੱਲਾ ਮਾਰਿਆ ਗਿਆ ਸੀ।


Baljit Singh

Content Editor

Related News