ਰਾਜ ਸਭਾ ’ਚ ਵੀ ਸੰਸਦ ਮੈਂਬਰਾਂ ਦਾ ਹੰਗਾਮਾ, ਮੋਦੀ ਬੋਲੇ- ਵਿਰੋਧੀ ਧਿਰ ਦੀ ਮਾਨਸਿਕਤਾ ‘ਮਹਿਲਾ ਵਿਰੋਧੀ’
Monday, Jul 19, 2021 - 01:27 PM (IST)
ਨਵੀਂ ਦਿੱਲੀ— ਲੋਕ ਸਭਾ ਤੋਂ ਬਾਅਦ ਹੁਣ ਰਾਜ ਸਭਾ ਦੀ ਕਾਰਵਾਈ ਵੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ। ਰਾਜ ਸਭਾ ਵਿਚ ਸਭਾਪਤੀ ਐੱਮ. ਵੈਂਕਈਆ ਨਾਇਡੂ ਦੇ ਸੰਬੋਧਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਬਨਿਟ ਦੇ ਨਵੇਂ ਮੰਤਰੀਆਂ ਦਾ ਪਰਿਚੈ ਕਰਾਉਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਸਭਾਪਤੀ ਨੇ ਮੈਂਬਰਾਂ ਨੂੰ ਸੰਬੋਧਨ ਦੌਰਾਨ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਪਰੰਪਰਾ 20 ਸਾਲਾਂ ਤੋਂ ਵੱਧ ਸਮੇਂ ਤੋਂ ਚਲੀ ਆ ਰਹੀ ਹੈ। ਨਾਇਡੂ ਨੇ ਇਸ ਦਰਮਿਆਨ ਹੀ ਵੱਖ-ਵੱਖ ਕਮੇਟੀਆਂ ਦੇ ਕੰਮਕਾਜ ਦਾ ਬਿਓਰਾ ਦਿੱਤਾ ਅਤੇ ਨਾਲ ਹੀ ਕੋਰੋਨਾ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੀ ਵੀ ਚਰਚਾ ਕੀਤੀ।
ਇਹ ਵੀ ਪੜ੍ਹੋ: ਸੰਸਦ ’ਚ PM ਮੋਦੀ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ਦਾ ਹੰਗਾਮਾ, ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਿਵੇਂ ਹੀ ਆਪਣੇ ਕੈਬਨਿਟ ਦੇ ਸਹਿਯੋਗੀਆਂ ਦਾ ਪਰਿਚੈ ਕਰਾਉਣਾ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਲਿਤ-ਆਦਿਵਾਸੀ ਭਾਈਚਾਰੇ ਦੇ ਨੁਮਾਇੰਦਿਆਂ ਤੋਂ ਕੁਝ ਲੋਕਾਂ ਨੂੰ ਦਰਦ ਹੋ ਰਿਹਾ ਹੈ। ਵਿਰੋਧੀ ਧਿਰ ਦੀ ਮਾਨਸਿਕਤਾ ਮਹਿਲਾ ਵਿਰੋਧੀ ਹੈ। ਵਿਰੋਧੀ ਧਿਰ ਨੂੰ ਆਦਿਵਾਸੀ ਮੰਤਰੀ ਦਾ ਪਰਿਚੈ ਪਸੰਦ ਨਹੀਂ ਹੈ। ਸਦਨ ਵਿਚ ਅਜਿਹਾ ਪਹਿਲੀ ਵਾਰ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮਾਨਸੂਨ ਸੈਸ਼ਨ: PM ਮੋਦੀ ਦੀ ਵਿਰੋਧੀ ਧਿਰ ਨੂੰ ਅਪੀਲ- ਸਵਾਲ ਪੁੱਛੋ ਪਰ ਸਰਕਾਰ ਨੂੰ ਵੀ ਦਿਓ ਜਵਾਬ ਦਾ ਮੌਕਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਦੁਪਹਿਰ 12.24 ਵਜੇ ਤੱਕ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਸੀ। ਰਾਜ ਸਭਾ ਵਿਚ ਸੰਸਦ ਮੈਂਬਰਾਂ ਨੇ ਅਦਾਕਾਰ ਦਿਲੀਪ ਕੁਮਾਰ ਅਤੇ ਐਥਲੀਟ ਮਿਲਖਾ ਸਿੰਘ ਸਮੇਤ ਇਸ ਸਾਲ ਜਾਨ ਗੁਆਉਣ ਵਾਲੇ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੱਸ ਦੇਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ 13 ਅਗਸਤ ਤੱਕ ਚਲੇਗਾ, ਇਸ ਦਰਮਿਆਨ ਮੋਦੀ ਸਰਕਾਰ ਕੁੱਲ 31 ਬਿੱਲ ਪਾਸ ਕਰਵਾਏਗੀ।