ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ
Thursday, Jul 29, 2021 - 04:38 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਵਚਨਬੱਧਤਾ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ। ਭਾਰਤ-ਅਮਰੀਕੀ ਰਣਨੀਤਕ ਸਾਂਝੇਦਾਰੀ ਨੂੰ ਲੈ ਕੇ ਰਾਸ਼ਟਰਪਤੀ ਬਾਈਡੇਅ ਦੀ ਮਜ਼ਬੂਤ ਵਚਨਬੱਧਤਾ ਦਾ ਮੈਂ ਸਵਾਗਤ ਕਰਦਾ ਹਾਂ, ਜੋ ਸਾਡੇ ਸਾਂਝੇ ਲੋਕਤੰਤਰੀ ਕਦਰਾਂ-ਕੀਮਤਾਂ ’ਤੇ ਆਧਾਰਿਤ ਹਨ ਅਤੇ ਦੁਨੀਆ ਦੀ ਭਲਾਈ ਲਈ ਇਕ ਤਾਕਤ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਇਕ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਦੇ ਸਮਾਜ ਲੋਕਤੰਤਰ, ਸੁਤੰਤਰਤਾ ਅਤੇ ਉਦਾਰਤਾ ਦੀਆਂ ਕਦਰਾਂ-ਕੀਮਤਾਂ ਲਈ ਇਕ ਡੂੰਘੀ ਵਚਨਬੱਧਤਾ ਸਾਂਝਾ ਕਰਦੇ ਹਨ। ਉੱਥੇ ਹੀ ਅਮਰੀਕਾ ਵਿਚ ਪ੍ਰਵਾਸੀ ਭਾਰਤੀਆਂ ਨੇ ਦੋ-ਪੱਖੀ ਸਬੰਧਾਂ ਨੂੰ ਵਧਾਉਣ ਵਿਚ ਖਾਸਾ ਯੋਗਦਾਨ ਪਾਇਆ ਹੈ।
ਬੈਠਕ ਵਿਚ ਮੋਦੀ ਨੇ ਰਾਸ਼ਟਰਪਤੀ ਬਾਈਡੇਨ ਅਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਆਪਣੇ ਵਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਨਾਲ ਹੀ ਕਵਾਡ (ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਦੇ ਸਮੂਹ), ਕੋਵਿਡ-19 ਅਤੇ ਮੌਸਮ ਤਬਦੀਲੀ ਨਾਲ ਸਬੰਧਤ ਪਹਿਲੂਆਂ ਲਈ ਰਾਸ਼ਟਰਪਤੀ ਬਾਈਡੇਨ ਦੀ ਸ਼ਲਾਘਾ ਕੀਤੀ। ਬਿਆਨ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਚੱਲਦੇ ਪੈਦਾ ਹੋਈਆਂ ਚੁਣੌਤੀਆਂ, ਵੈਸ਼ਵਿਕ ਆਰਥਿਕ ਸੁਧਾਰ ਅਤੇ ਮੌਸਮ ਤਬਦੀਲੀ ਦੇ ਸੰਦਰਭ ਵਿਚ ਆਉਣ ਵਾਲੇ ਸਾਲਾਂ ਵਿਚ ਭਾਰਤ-ਅਮਰੀਕਾ ਰਣਨੀਤਕ ਭਾਈਵਾਲ ਦਾ ਵਿਆਪਕ ਗਲੋਬਲ ਮਹੱਤਵ ਹੋਵੇਗਾ। ਦੱਸ ਦੇਈਏ ਕਿ ਬਲਿੰਕਨ ਦੋ ਦਿਨਾਂ ਦੀ ਯਾਤਰਾ ’ਤੇ ਮੰਗਲਵਾਰ ਸ਼ਾਮ ਭਾਰਤ ਪਹੁੰਚੇ ਸਨ। ਅਮਰੀਕੀ ਵਿਦੇਸ਼ ਮੰਤਰੀ ਨਿਯੁਕਤ ਹੋਣ ਮਗਰੋਂ ਉਨ੍ਹਾਂ ਦੀ ਇਹ ਪਹਿਲੀ ਭਾਰਤ ਯਾਤਰਾ ਹੈ।