'ਗ਼ਲਤੀ ਨਾਲ Block ਹੋ ਗਈ ਸੀ PM ਮੋਦੀ ਦੀ Video..!' Meta ਨੇ ਮੁਆਫ਼ੀ ਮੰਗ Restore ਕੀਤੀ ਵੀਡੀਓ
Tuesday, Jul 28, 2026 - 11:27 AM (IST)
ਨਵੀਂ ਦਿੱਲੀ - ਸੋਸ਼ਲ ਮੀਡੀਆ ਦਿੱਗਜ ਮੇਟਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਕਾਰਤ ਫੇਸਬੁੱਕ ਪੇਜ ਤੋਂ ਹਟਾਏ ਗਏ ਇਕ ਵੀਡੀਓ ਨੂੰ ਰੀਸਟੋਰ ਕਰ ਦਿੱਤਾ ਹੈ। ਮੇਟਾ ਨੇ ਸਵੀਕਾਰ ਕੀਤਾ ਹੈ ਕਿ ਵੀਡੀਓ ਗਲਤੀ ਨਾਲ ਹਟਾ ਦਿੱਤੀ ਗਈ ਸੀ। ਕੰਪਨੀ ਨੇ ਇਸ ਤਕਨੀਕੀ ਗਲਤੀ ਲਈ ਮੁਆਫ਼ੀ ਮੰਗੀ ਹੈ ਤੇ ਸਪੱਸ਼ਟ ਕੀਤਾ ਹੈ ਕਿ ਘਟਨਾ ਦਾ ਪਤਾ ਲੱਗਦੇ ਹੀ ਵੀਡੀਓ ਨੂੰ ਤੁਰੰਤ PM ਮੋਦੀ ਦੇ ਫੇਸਬੁੱਕ ਪੇਜ 'ਤੇ ਰੀਸਟੋਰ ਕਰ ਦਿੱਤਾ ਗਿਆ ਸੀ।
ਦਰਅਸਲ, ਇਹ ਪੂਰਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੇਸਬੁੱਕ ਪੇਜ 'ਤੇ ਅਪਲੋਡ ਕੀਤੀ ਗਈ ਇਕ ਵੀਡੀਓ ਨਾਲ ਸਬੰਧਤ ਹੈ, ਜਿਸ ਨੂੰ ਮੇਟਾ ਦੇ ਸਿਸਟਮ ਦੁਆਰਾ ਗਲਤੀ ਨਾਲ ਬਲਾਕ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਸੋਸ਼ਲ ਮੀਡੀਆ ਅਤੇ ਰਾਜਨੀਤਿਕ ਹਲਕਿਆਂ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਕਰ ਦਿੱਤਾ ਤੇ ਯੂਜ਼ਰਸ ਨੇ ਪਲੇਟਫਾਰਮ ਦੇ ਆਟੋਮੈਟਿਕ ਸਿਸਟਮਜ਼ ਅਤੇ ਕੰਟੈਂਟ ਪਾਲਿਸੀਆਂ 'ਤੇ ਸਵਾਲ ਉਠਾਏ।
ਇਹ ਵਿਵਾਦ ਵਧਦਾ ਦੇਖ ਕੇ, ਮੇਟਾ ਨੇ ਤੁਰੰਤ ਕਾਰਵਾਈ ਕੀਤੀ ਅਤੇ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਵੀਡੀਓ ਨੂੰ ਰੀਸਟੋਰ ਕਰ ਦਿੱਤਾ। ਇੱਕ ਮੇਟਾ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਇਹ ਵੀਡੀਓ ਸਾਡੇ ਪਲੇਟਫਾਰਮ ਤੋਂ ਗਲਤੀ ਨਾਲ ਹਟਾ ਦਿੱਤੀ ਗਈ ਸੀ। ਜਿਵੇਂ ਹੀ ਸਾਨੂੰ ਇਸ ਦਾ ਅਹਿਸਾਸ ਹੋਇਆ, ਅਸੀਂ ਤੁਰੰਤ ਇਸ ਨੂੰ ਰੀਸਟੋਰ ਕਰ ਦਿੱਤਾ। ਅਸੀਂ ਇਸ ਗਲਤੀ ਲਈ ਮੁਆਫ਼ੀ ਚਾਹੁੰਦੇ ਹਾਂ।" ਇਸ ਕਾਰਵਾਈ ਮਗਰੋਂ ਸਰਕਾਰ ਨੇ ਮੇਟਾ ਦੇ ਗਲੋਬਲ ਹੈੱਡ ਨੂੰ ਸੰਮਨ ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮੇਟਾ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਗਲਤੀ ਨਾਲ ਹਾਈ-ਪ੍ਰੋਫਾਈਲ ਅਕਾਊਂਟਸ ਤੋਂ ਕੰਟੈਂਟ ਬਲਾਕ ਕਰ ਰਹੀਆਂ ਹਨ। ਅਜਿਹੀਆਂ ਤਕਨੀਕੀ ਗਲਤੀਆਂ ਅਕਸਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਆਟੋਮੇਟਿਡ ਕੰਟੈਂਟ-ਫਲੈਗਿੰਗ ਐਲਗੋਰਿਦਮ ਕਾਰਨ ਹੁੰਦੀਆਂ ਹਨ। ਹਾਲਾਂਕਿ, ਪ੍ਰਧਾਨ ਮੰਤਰੀ ਦਫ਼ਤਰ (PMO) ਨਾਲ ਸਬੰਧਤ ਪੇਜ 'ਤੇ ਇਸ ਗਲਤੀ ਤੋਂ ਬਾਅਦ, ਤਕਨੀਕੀ ਕੰਪਨੀ ਨੂੰ ਤੁਰੰਤ ਸਪੱਸ਼ਟੀਕਰਨ ਜਾਰੀ ਕਰਨਾ ਪਿਆ ਤੇ ਮੁਆਫ਼ੀ ਮੰਗਣ ਮਗਰੋਂ ਵੀਡੀਓ ਨੂੰ ਰੀਸਟੋਰ ਕਰਨਾ ਪਿਆ।
