ਪੂਰੇ ਬੰਗਾਲ ’ਚ ਫੈਲੇਗਾ ਸੰਦੇਸ਼ਖਾਲੀ ਦਾ ਗੁੱਸਾ, ਤ੍ਰਿਣਮੂਲ ਦਾ ਕਰੇਗਾ ਸਫਾਇਆ : ਮੋਦੀ

03/06/2024 6:14:19 PM

ਬਾਰਾਸਾਤ (ਪੱਛਮ ਬੰਗਾਲ), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ’ਤੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ‘ਸੰਦੇਸ਼ਖਾਲੀ ਦਾ ਜਵਾਰ’ (ਗੁੱਸਾ) ਪੱਛਮੀ ਬੰਗਾਲ ਵਿਚ ਫੁੱਟੇਗਾ, ਜਿਥੇ ‘ਨਾਰੀ ਸ਼ਕਤੀ’ ਲੋਕ ਸਭਾ ਚੋਣਾਂ ਵਿਚ ਸੂਬੇ ਦੀ ਸੱਤਾਧਾਰੀ ਪਾਰਟੀ ਨੂੰ ਹਰਾਉਣ ਵਿਚ ਮਹਤਵਪੂਰਨ ਭੂਮਿਕਾ ਨਿਭਾਵੇਗੀ। ਉੱਤਰ 24 ਪਰਗਨਾ ਜ਼ਿਲੇ ਦੇ ਮੁੱਖ ਦਫਤਰ ਬਾਰਾਸਾਤ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਆਯੋਜਿਤ ‘ਨਾਰੀ ਸ਼ਕਤੀ ’ਤੇ ਵੰਦਨ ਅਭਿਨੰਦਨ’ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਸੰਦੇਸ਼ਖਾਲੀ ਵਿਚ ਨਾਰੀ ਸ਼ਕਤੀ ’ਤੇ ਅੱਤਿਆਚਾਰ ਹੋਇਆ ਹੈ ਅਤੇ ਇਸ ਨਾਲ ਹਰ ਕਿਸੇ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਸਰਕਾਰ ਸੂਬੇ ਦੀਆਂ ਔਰਤਾਂ ਦੇ ਮੁਲਜ਼ਮਾਂ ਨੂੰ ਬਚਾਉਣ ਲਈ ‘ਪੂਰੀ ਸ਼ਕਤੀ’ ਲਾ ਰਹੀ ਹੈ ਜਦਕਿ ਉਸ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਵੱਲੋਂ ਵੀ ਝਟਕਾ ਲੱਗਾ ਹੈ। 

ਉਨ੍ਹਾਂ ਕਿਹਾ, ‘ਸੂਬਾ ਸਰਕਾਰ ਦੇ ਇਸ ਵਿਵਹਾਰ ਨਾਲ ਬੰਗਾਲ ਅਤੇ ਦੇਸ਼ ਦੀਆਂ ਔਰਤਾਂ ਗੁੱਸੇ ਵਿਚ ਹਨ। ਸੰਦੇਸ਼ਖਾਲੀ ਵਿਚ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਸ਼ਾਹਜਹਾਂ ਸ਼ੇਖ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਔਰਤਾਂ ਦੇ ਸੈਕਸ ਸ਼ੋਸ਼ਣ ਤੇ ਜ਼ਮੀਨ ਹੜਪਣ ਦੇ ਦੋਸ਼ ਹਨ। ਮੋਦੀ ਨੇ ਤ੍ਰਿਣਮੂਲ ਕਾਂਗਰਸ ’ਤੇ ਸੂਬੇ ਦੀਆਂ ਔਰਤਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਥਾਂ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਪਹਿਲ ਦੇਣ ਦਾ ਦੋਸ਼ ਲਾਇਆ।ਉਨ੍ਹਾਂ ਦਾਅਵਾ ਕੀਤਾ, ‘ਤੁਸ਼ਟੀਕਰਨ ਵਾਲਿਆਂ ਦੇ ਦਬਾਅ ਹੇਠ ਕੰਮ ਕਰ ਰਹੀ ਟੀ. ਐੱਮ. ਸੀ. ਸਰਕਾਰ ਕਦੇ ਵੀ ਧੀਆਂ-ਭੈਣਾਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦੀ।’

ਪੀ.ਐੱਮ. ਮੋਦੀ ਨੇ ਇਕ ਵਾਰ ਫਿਰ ਵਿਰੋਧੀ ਗਠਜੋੜ ਦੇ ਨੇਤਾਵਾਂ ’ਤੇ ਉਨ੍ਹਾਂ ਦੀਆਂ ਟਿੱਪਣੀਆਂ, ‘ਪਰਿਵਾਰ ਨਹੀਂ’ ਹੋਣ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ 140 ਕਰੋੜ ਭਾਰਤੀ ‘ਮੇਰਾ ਪਰਿਵਾਰ’ ਹਨ। ਉਨ੍ਹਾਂ ਕਿਹਾ, ‘ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਰਾਜਗ) ਸਰਕਾਰ ਦੀ ਵਾਪਸੀ ਹੁੰਦੇ ਦੇਖ ਉਨ੍ਹਾਂ ਦੇ ਸਾਰੇ ਨੇਤਾ ਬੌਖਲਾ ਗਏ ਹਨ, ਉਨ੍ਹਾਂ ਦੀ ਨੀਂਦ ਉੱਡ ਗਈ ਹੈ। ਇਹ ਭ੍ਰਿਸ਼ਟ ਨੇਤਾ ਮੇਰੇ ਪਰਿਵਾਰ ਬਾਰੇ ਪੁੱਛ ਰਹੇ ਹਨ, ਦਾਅਵਾ ਕਰ ਰਹੇ ਹਨ ਕਿ ਮੋਦੀ ਦਾ ਆਪਣਾ ਪਰਿਵਾਰ ਨਹੀਂ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮੈਂ ਪਰਿਵਾਰਵਾਦ ਦੀ ਰਾਜਨੀਤੀ ਅਤੇ ਭਾਈ-ਭਤੀਜਾਵਾਦ ਦੇ ਖਿਲਾਫ ਬੋਲ ਰਿਹਾ ਹਾਂ।’

ਪੀ.ਐੱਮ. ਮੋਦੀ ਨੇ ਕੀਤੀ ਸੰਦੇਸ਼ਖਾਲੀ ਦੀਆਂ ਔਰਤਾਂ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸੰਦੇਸ਼ਖਾਲੀ ਦੀਆਂ ਔਰਤਾਂ ਦੇ ਇਕ ਗੁੱਟ ਨਾਲ ਮੁਲਾਕਾਤ ਕੀਤੀ, ਜਿਥੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਨੇਤਾਵਾਂ ’ਤੇ ਸੈਕਸ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਮੋਦੀ ਨੇ ਉੱਤਰ 24 ਜ਼ਿਲੇ ਦੇ ਬਾਰਾਸਾਤ ਵਿਚ ਇਕ ਰੈਲੀ ਤੋਂ ਬਾਅਦ ਔਰਤਾਂ ਨਾਲ ਮੁਲਾਕਾਤ ਕੀਤੀ। ਔਰਤਾਂ ਨੇ ਉਨ੍ਹਾਂ ’ਤੇ ਹੋਏ ਅੱਤਿਆਚਾਰਾਂ ਬਾਰੇ ਦੱਸਿਆ। ਭਾਜਪਾ ਸੂਤਰਾਂ ਨੇ ਕਿਹਾ ਕਿ ਇਹ ਔਰਤਾਂ ਪ੍ਰਧਾਨ ਮੰਤਰੀ ਨੂੰ ਆਪ-ਬੀਤੀ ਸੁਣਾਉਂਦੀਆਂ ਹੋਈਆਂ ਭਾਵੁਕ ਹੋ ਗਈਆਂ ਅਤੇ ਪ੍ਰਧਾਨ ਮੰਤਰੀ ਨੇ ‘ਇਕ ਪਿਤਾ ਦੀ ਤਰ੍ਹਾਂ’ ਠਰੱਮੇ ਨਾਲ ਉਨ੍ਹਾਂ ਦੀ ਗੱਲ ਸੁਣੀ।


Rakesh

Content Editor

Related News