PM ਮੋਦੀ ਨੇ 'ਮਨ ਕੀ ਬਾਤ' 'ਚ ਕੀਤਾ ਤਾਰਿਕ ਅਹਿਮਦ ਦਾ ਜ਼ਿਕਰ; ਪੜ੍ਹੋ ਪਾਣੀ 'ਤੇ ਤੈਰਦੀ ਐਂਬੂਲੈਂਸ ਦੀ ਕਹਾਣੀ
Monday, Jun 28, 2021 - 10:12 AM (IST)
ਸ਼੍ਰੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ 'ਚ ਸ਼੍ਰੀਨਗਰ ਦੇ ਤਾਰਿਕ ਅਹਿਮਦ ਪਤਲੂ ਦੇ ਕੰਮ ਦੀ ਸ਼ਲਾਘਾ ਕੀਤੀ। ਤਾਰਿਕ ਨੇ ਕੋਰੋਨਾ ਨੂੰ ਹਰਾਉਣ ਅਤੇ ਡਲ ਝੀਲ ਇਲਾਕੇ ਦੇ ਲੋਕਾਂ ਦੀ ਮਦਦ ਲਈ ਇਕ ਐਂਬੂਲੈਂਸ ਬਣਾਈ ਹੈ। ਇਸ ਸ਼ਿਕਾਰਾ ਐਂਬੂਲੈਂਸ 'ਚ ਪੀ.ਪੀ.ਈ. ਕਿਟ, ਸਟ੍ਰੇਚਰ ਅਤੇ ਵ੍ਹੀਲਚੇਅਰ ਦੀ ਸਹੂਲਤ ਹੈ। ਕੋਰੋਨਾ ਸੰਕ੍ਰਮਣ ਦੌਰਾਨ ਪੇਸ਼ ਆਉਣ ਵਾਲੀਆਂ ਪਰੇਸ਼ਾਨੀਆਂ ਕਾਰਨ ਤਾਰਿਕ ਅਜਿਹਾ ਕਦਮ ਚੁੱਕਣ ਲਈ ਪ੍ਰੇਰਿਤ ਹੋਏ। ਤਾਰਿਕ ਨੇ ਕਿਹਾ ਕਿ ਮੈਨੂੰ ਆਪਣੇ ਕੰਮ 'ਤੇ ਮਾਣ ਹੈ। ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਟਵੀਟ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਰਾਹਤ ਮਿਲੇਗੀ।
ਦੱਸਣਯੋਗ ਹੈ ਕਿ ਕਰੀਬ 2 ਮਹੀਨੇ ਦੀ ਮਿਹਨਤ ਅਤੇ 12 ਲੱਖ ਰੁਪਏ ਦੀ ਲਾਗਤ ਤੋਂ ਬਾਅਦ ਤਾਰਿਕ ਇਸ ਸ਼ਿਕਾਰਾ ਐਂਬੂਲੈਂਸ ਨੂੰ ਤਿਆਰ ਕਰ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 1865 'ਚ ਝੇਲਮ ਨਦੀ 'ਚ ਮਰੀਜ਼ਾਂ ਨੂੰ ਲਿਆਉਣ ਅਤੇ ਲਿਜਾਉਣ ਲਈ ਕਿਸ਼ਤੀ ਹੋਇਆ ਕਰਦੀ ਸੀ। ਸਾਲ 2020 'ਚ ਕੋਰੋਨਾ ਨੇ ਕਸ਼ਮੀਰ 'ਚ ਕਹਿਰ ਢਾਇਆ ਸੀ। ਮਹਾਮਾਰੀ ਦੀ ਲਪੇਟ 'ਚ ਤਾਰਿਕ ਅਹਿਮਦ ਪਤਲੂ ਵੀ ਆ ਗਏ ਸਨ। ਕੋਰੋਨਾ ਪ੍ਰੋਟੋਕਾਲ ਦੇ ਅਧੀਨ ਉਹ ਪਹਿਲਾਂ ਆਪਣੀ ਹਾਊਸਬੋਟ 'ਚ ਏਕਾਂਤਵਾਸ 'ਚ ਚੱਲੇ ਗਏ ਪਰ ਹਾਲਤ ਵਿਗੜੀ ਤਾਂ ਹਸਪਤਾਲ ਦਾ ਰੁਖ ਕਰਨਾ ਪਿਆ। ਜਦੋਂ ਉਹ ਹਸਪਤਾਲ ਤੋਂ ਵਾਪਸ ਪਰਤੇ ਤਾਂ ਡਲ ਝੀਲ ਕਿਨਾਰੇ ਸ਼ਿਕਾਰੇ ਵਾਲਿਆਂ ਨੇ ਉਨ੍ਹਾਂ ਦੀ ਹਾਊਸਬੋਟ ਤੱਕ ਲਿਜਾਉਣ ਤੋਂ ਇਨਕਾਰ ਕੀਤਾ। ਬਹੁਤ ਮੁਸ਼ਕਲ ਨਾਲ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਘਰ ਤੱਕ ਪਹੁੰਚਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਿਕਾਰਾ ਐਂਬੂਲੈਂਸ ਬਣਾਉਣ ਦਾ ਫ਼ੈਸਲਾ ਕੀਤਾ, ਜੋ ਕਿ ਮੌਜੂਦਾ ਸਮੇਂ ਲੋਕਾਂ ਨੂੰ ਕਾਫ਼ੀ ਮਦਦ ਪਹੁੰਚਾ ਰਹੀ ਹੈ।