PM ਮੋਦੀ ਨੇ ਤੇਲੰਗਾਨਾ ''ਚ 6,100 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
Saturday, Jul 08, 2023 - 06:24 PM (IST)
ਵਾਰੰਗਲ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਤੇਲੰਗਾਨਾ 'ਚ ਲਗਭਗ 6,100 ਕਰੋੜ ਰੁਪਏ ਦੇ ਕਈ ਮਹੱਤਵਪੂਰਨ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਕਿਹਾ ਕਿ 21ਵੀਂ ਸਦੀ ਦੇ ਇਸ ਤੀਜੇ ਦਹਾਕੇ ਦੇ ਹਰ ਪਲ ਦਾ ਪੂਰਾ ਇਸਤੇਮਾਲ ਕਰਨਾ ਹੈ ਤਾਂ ਕਿ ਦੇਸ਼ ਦਾ ਕੋਈ ਵੀ ਕੋਨਾ ਤੇਜ਼ ਵਿਕਾਸ ਦੀ ਦੌੜ 'ਚ ਪਿੱਛੇ ਨਾ ਰਹੇ। ਇਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਿਆ ਹੈ ਤਾਂ ਉਸ 'ਚ ਤੇਲੰਗਾਨਾ ਦੇ ਲੋਕਾਂ ਦੀ ਵੱਡੀ ਭੂਮਿਕਾ ਹੈ।
ਉਨ੍ਹਾਂ ਕਿਹਾ,''ਅੱਜ ਜਦੋਂ ਪੂਰੀ ਦੁਨੀਆ ਭਾਰਤ 'ਚ ਨਿਵੇਸ਼ ਲਈ ਅੱਗੇ ਆ ਰਹੀ ਹੈ, ਵਿਕਾਸ ਭਾਰਤ ਨੂੰ ਲੈ ਕੇ ਇੰਨਾ ਉਤਸ਼ਾਹ ਹੈ, ਉਦੋਂ ਤੇਲੰਗਾਨਾ ਦੇ ਸਾਹਮਣੇ ਮੌਕੇ ਹੀ ਮੌਕੇ ਹਨ।'' ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਹਰ ਤਰ੍ਹਾਂ ਨਾਲ ਬੁਨਿਆਦੀ ਢਾਂਚੇ ਲਈ ਪਹਿਲਾਂ ਤੋਂ ਕਈ ਗੁਣਾ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਅਤੇ ਪੂਰੇ ਦੇਸ਼ 'ਚ ਰਾਜਮਾਰਗਾਂ ਦੇ ਨਾਲ ਹੀ ਆਰਥਿਕ ਅਤੇ ਉਦਯੋਗਿਕ ਗਲਿਆਰਿਆਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ,''ਅੱਜ ਦਾ ਨਵਾਂ ਭਾਰਤ, ਨੌਜਵਾਨ ਭਾਰਤ ਹੈ ਅਤੇ ਉਹ ਊਰਜਾ ਨਾਲ ਭਰਿਆ ਹੋਇਆ ਹੈ। 21ਵੀਂ ਸਦੀ ਦੇ ਇਸ ਤੀਜੇ ਦਹਾਕੇ 'ਚ ਸਾਡੇ ਕੋਲ ਇਹ ਗੋਲਡਨ ਸਮਾਂ ਆਇਆ ਹੈ। ਸਾਨੂੰ ਇਸ ਸਮੇਂ ਹਰ ਸਕਿੰਟ ਦਾ ਪੂਰਾ ਇਸਤੇਮਾਲ ਕਰਨਾ ਹੈ। ਦੇਸ਼ ਦਾ ਕੋਈ ਵੀ ਕੋਨਾ, ਤੇਜ਼ ਵਿਕਾਸ ਦੀ ਕਿਸੇ ਵੀ ਸੰਭਾਵਨਾ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ।'' ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਵਾਰੰਗਲ ਦੇ ਪ੍ਰਸਿੱਧ ਭਦਰਕਾਲੀ ਮੰਦਰ 'ਚ ਪੂਜਾ ਕੀਤੀ।