ਹਸਪਤਾਲ ’ਚ ਦਾਖਲ ਸ਼ਰਦ ਪਵਾਰ ਦਾ ਪੀ.ਐੱਮ. ਮੋਦੀ ਨੇ ਫੋਨ ’ਤੇ ਪੁੱਛਿਆ ਹਾਲ
Tuesday, Mar 30, 2021 - 11:10 AM (IST)
ਮੁੰਬਈ– ਹਸਪਤਾਲ ’ਚ ਦਾਖ਼ਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦਾ ਹਾਲ ਜਾਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਫੋਨ ਕੀਤਾ। ਸ਼ਰਦ ਪਵਾਰ ਨੇ ਪੀ.ਐੱਮ. ਮੋਦੀ ਦੁਆਰਾ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲੈਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪਵਾਰ ਨੇ ਟਵੀਟ ਕੀਤਾ ਕਿ ਮੇਰੀ ਸਿਹਤ ਸੰਬੰਧੀ ਜਾਣਕਾਰੀ ਲੈਣ ਅਤੇ ਮੇਰੇ ਛੇਤੀ ਠੀਕ ਹੋਣ ਦੀ ਕਾਮਨਾ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੱਸ ਦੇਈਏ ਕਿ ਸ਼ਰਦ ਪਵਾਰ ਦੇ ਟਿੱਡ ’ਚ ਦਰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਐਤਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਮਹਾਰਾਸ਼ਟਰ ਦੇ ਇਕ ਮੰਤਰੀ ਅਤੇ ਰਕਾਂਪਾ ਨੇਤਾ ਨਵਾਬ ਮਲਿਕ ਨੇ ਦੱਸਿਆ ਕਿ ਪਵਾਰ ਨੂੰ ਸੀਨੀਅਨ ਡਾਕਟਰਾਂ ਦੀ ਨਿਗਰਾਨੀ ’ਚ ਰੱਖਿਆ ਗਿਆ ਹੈ। ਗਾਲ ਬਲੇਡਰ ’ਚ ਕੁਝ ਸਮੱਸਿਆ ਕਾਰਨ ਬੁੱਧਵਾਰ ਨੂੰ ਉਨ੍ਹਾਂ ਦਾ ਆਪਰੇਸ਼ਨ ਕੀਤਾ ਜਾਵੇਗਾ।
ਉਥੇ ਹੀ ਪਵਾਰ ਨੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਲਤਾ ਮੰਗੇਸ਼ਕਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲਈ ਅਤੇ ਛੇਤੀ ਠੀਕ ਹੋਣ ਦੀ ਪ੍ਰਾਥਨਾ ਕੀਤੀ ਅਤੇ ਸ਼ੁੱਭਕਾਮਨਾਵਾਂ ਜ਼ਾਹਰ ਕੀਤੀਆਂ। ਪਵਾਰ ਦੇ ਬੀਮਾਰ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਨੇਤਾਵਾਂ ਸਮੇਤ ਵੱਖ-ਵੱਖ ਖੇਤਰਾਂ ਦੇ ਪ੍ਰਸਿੱਧ ਲੋਕਾਂ ਨੇ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਪ੍ਰਾਥਨਾ ਕੀਤੀ।