ਪੀ.ਐੱਮ. ਮੋਦੀ ਨੇ ਲਈ ਮਣੀਪੁਰ ਦੇ ਹਾਲਾਤ ਦੀ ਜਾਣਕਾਰੀ
Tuesday, Jun 27, 2023 - 12:24 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਅਮਰੀਕਾ ਅਤੇ ਮਿਸਰ ਦੀ ਯਾਤਰਾ ਤੋਂ ਪਰਤਣ ਦੇ ਅਗਲੇ ਦਿਨ ਹੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਸੀਨੀਅਰ ਕੈਬਨਿਟ ਮੰਤਰੀਆਂ ਨਾਲ ਉੱਚ ਪੱਧਰੀ ਬੈਠਕ ਕੀਤੀ। ਬੈਠਕ ’ਚ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਸ਼ਹਿਰੀ ਕਾਰਜ ਅਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਤੋਂ ਇਲਾਵਾ ਹੋਰ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀ. ਕੇ. ਮਿਸ਼ਰਾ ਅਤੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।
ਸਮਝਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨੇ ਕੈਬਨਿਟ ਸਾਥੀਆਂ ਨਾਲ ਦੋਵਾਂ ਦੇਸ਼ਾਂ ਦੀ ਯਾਤਰਾ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ। ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਮਣੀਪੁਰ ਦੀ ਤਾਜ਼ਾ ਸਥਿਤੀ ਅਤੇ ਉੱਥੇ ਆਮ ਵਰਗੀ ਸਥਿਤੀ ਬਹਾਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂ ਕਰਾਇਆ। ਸ਼ਾਹ ਨੇ ਸ਼ਨੀਵਾਰ ਨੂੰ ਮਣੀਪੁਰ ਦੀ ਸਥਿਤੀ ਬਾਰੇ ਇਕ ਸਰਬ ਪਾਰਟੀ ਬੈਠਕ ’ਚ ਚਰਚਾ ਕੀਤੀ ਸੀ।
ਵਿਦੇਸ਼ ਯਾਤਰਾ ਤੋਂ ਪਰਤੇ ਨੱਢਾ ਤੋਂ ਪੁੱਛਿਆ- ‘ਦੇਸ਼ ’ਚ ਕੀ ਚੱਲ ਰਿਹਾ ਹੈ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਦੇਰ ਰਾਤ ਆਪਣੀ 6 ਦਿਨਾਂ ਵਿਦੇਸ਼ ਯਾਤਰਾ ਤੋਂ ਭਾਰਤ ਪਰਤ ਆਏ। ਮੋਦੀ ਨੇ ਦੇਸ਼ ਪਰਤਣ ਤੋਂ ਬਾਅਦ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਅਤੇ ਹੋਰ ਨੇਤਾਵਾਂ ਨੂੰ ਪੁੱਛਿਆ ਕਿ ਦੇਸ਼ ’ਚ ਕੀ ਹੋ ਰਿਹਾ ਹੈ? ਪੀ. ਐੱਮ. ਮੋਦੀ ਦੇ ਸਵਾਗਤ ’ਚ ਕਈ ਨੇਤਾ ਏਅਰਪੋਰਟ ’ਤੇ ਮੌਜੂਦ ਸਨ।
ਪੀ. ਐੱਮ. ਮੋਦੀ ਨੇ ਜਦੋਂ ਨੱਢਾ ਤੋਂ ਪੁੱਛਿਆ ਕਿ ਭਾਰਤ ’ਚ ਕੀ ਚੱਲ ਰਿਹਾ ਹੈ ਤਾਂ ਨੱਢਾ ਨੇ ਉਨ੍ਹਾਂ ਨੂੰ ਦੱਸਿਆ ਕਿ ਪਾਰਟੀ ਦੇ ਨੇਤਾ ਉਨ੍ਹਾਂ ਦੀ ਸਰਕਾਰ ਦੇ 9 ਸਾਲਾਂ ਦੇ ਰਿਪੋਰਟ ਕਾਰਡ ਨਾਲ ਲੋਕਾਂ ਤੱਕ ਪਹੁੰਚ ਰਹੇ ਹਨ ਅਤੇ ਦੇਸ਼ ਦੇ ਲੋਕ ਖੁਸ਼ ਹਨ।
ਉਥੇ ਹੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਇਹ ਬੇਹੱਦ ਸਫਲ ਦੌਰਾ ਰਿਹਾ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੂੰ ਜੋ ਵੀ ਸਨਮਾਨ ਮਿਲਿਆ, ਉਹ ਪੂਰੇ ਦੇਸ਼ ਦਾ ਸਨਮਾਨ ਸੀ। ਅਰਬ ਦੇਸ਼ਾਂ ’ਚ ਮਿਸਰ ਦਾ ਸਥਾਨ ਇਕ ਮਾਂ ਦੇ ਸਥਾਨ ਦੇ ਰੂਪ ’ਚ ਹੈ ਅਤੇ ਉਸ ਨੇ ਪ੍ਰਧਾਨ ਮੰਤਰੀ ਨੂੰ ਸਨਮਾਨਿਤ ਕੀਤਾ ਜੋ ਕਿ ਭਾਰਤ ਦੇ ਪ੍ਰਤੀ ਵੀ ਸਨਮਾਨਿਤ ਹੈ।
ਭਾਜਪਾ ਨੇਤਾ ਹੰਸਰਾਜ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਤੁਸੀਂ ਦੁਨੀਆਭਰ ’ਚ ਛਾ ਗਏ। ਇਹ ਛੋਟੀ ਅਤੇ ਸੰਖੇਪ ਮੁਲਾਕਾਤ ਸੀ।