118 ਕਿ.ਮੀ. ਲੰਬਾ ਹਾਈਵੇਅ ਤੇ 75 ਮਿੰਟ ਦਾ ਸਫ਼ਰ, ਬੈਂਗਲੁਰੂ-ਮੈਸੂਰ ਐਕਸਪ੍ਰੈੱਸਵੇਅ ਦਾ PM ਮੋਦੀ ਨੇ ਕੀਤਾ ਉਦਘਾਟਨ
Sunday, Mar 12, 2023 - 01:47 PM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਅੱਜ ਕਰਨਾਟਕ ਦੌਰੇ 'ਤੇ ਹਨ। ਉਨ੍ਹਾਂ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਨੂੰ ਵੱਡੀ ਸੌਗਾਤ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਬੈਂਗਲੁਰੂ ਅਤੇ ਹੈਰੀਟੇਜ਼ ਸਿਟੀ ਮੈਸੂਰ ਨੂੰ ਜੋੜਨ ਵਾਲੇ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ। ਇਸ ਨਾਲ ਦੋਹਾਂ ਸ਼ਹਿਰਾਂ ਵਿਚਾਲੇ ਦੂਰੀ ਘਟ ਕੇ 75 ਮਿੰਟ ਰਹਿ ਜਾਵੇਗੀ। ਇਸ ਨਾਲ ਕਾਫੀ ਲੋਕਾਂ ਨੂੰ ਸਹੂਲਤ ਮਿਲਣ ਵਾਲੀ ਹੈ।
ਇਹ ਵੀ ਪੜ੍ਹੋ- ਹੁਣ 80 ਸਾਲ ਤੋਂ ਵੱਧ ਉਮਰ ਦੇ ਵੋਟਰ ਘਰ ਬੈਠੇ ਹੀ ਪਾ ਸਕਣਗੇ ਵੋਟ
ਕਰਨਾਟਕ ਦੇ ਮਾਂਡਯਾ ਵਿਚ ਪ੍ਰਧਾਨ ਮੰਤਰੀ ਨੇ ਰੋਡ ਸ਼ੋਅ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਸੜਕਾਂ ਦੇ ਦੋਹਾਂ ਪਾਸੇ ਵੇਖਣ ਨੂੰ ਮਿਲੀ। ਪ੍ਰਧਾਨ ਮੰਤਰੀ ਦੀ ਗੱਡੀ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਦੱਸ ਦੇਈਏ ਕਿ ਕਰਨਾਟਕ ਵਿਚ ਦੋ ਮਹੀਨਿਆਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਹ ਇਸ ਸਾਲ ਸੂਬੇ ਦੀ ਉਨ੍ਹਾਂ ਦੀ 6ਵੀਂ ਯਾਤਰਾ ਹੈ।
ਇਹ ਵੀ ਪੜ੍ਹੋ- ਉਡੀਕ ਖ਼ਤਮ, ਦਿੱਲੀ ਦੇ ਵਿਧਾਇਕਾਂ ਨੂੰ ਹੁਣ ਹਰ ਮਹੀਨੇ ਮਿਲੇਗੀ 90,000 ਰੁਪਏ ਤਨਖ਼ਾਹ
ਤਿੰਨ ਘੰਟੇ ਦਾ ਸਫ਼ਰ ਹੋਵੇਗਾ 75 ਮਿੰਟ 'ਚ ਪੂਰਾ
ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਨੌਜਵਾਨ ਸਾਡੇ ਦੇਸ਼ ਦੇ ਵਿਕਾਸ ਨੂੰ ਦੇਖ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਇਹ ਸਾਰੇ ਪ੍ਰਾਜੈਕਟ ਖੁਸ਼ਹਾਲੀ ਅਤੇ ਵਿਕਾਸ ਦੇ ਰਾਹ ਖੋਲ੍ਹਣਗੇ। 118 ਕਿਲੋਮੀਟਰ ਲੰਬੇ ਇਸ ਪ੍ਰਾਜੈਕਟ ਨੂੰ ਕੁੱਲ 8,480 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਨਾਲ ਬੈਂਗਲੁਰੂ ਅਤੇ ਮੈਸੂਰ ਵਿਚਕਾਰ ਯਾਤਰਾ ਦਾ ਸਮਾਂ ਲਗਭਗ ਤਿੰਨ ਘੰਟੇ ਤੋਂ ਘਟ ਕੇ ਲਗਭਗ 75 ਮਿੰਟ ਰਹਿ ਜਾਵੇਗਾ।
ਇਹ ਵੀ ਪੜ੍ਹੋ- ਸਾਵਧਾਨ! ਕਈ ਦਿਨਾਂ ਤੋਂ ਹੈ ਬੁਖ਼ਾਰ ਜਾਂ ਖੰਘ, ਹੋ ਸਕਦੈ H3N2 ਵਾਇਰਸ, ਜਾਣੋ ਰੋਕਥਾਮ ਦੇ ਤਰੀਕੇ
ਐਕਸਪ੍ਰੈਸਵੇਅ ਵਿਚ ਕੀ-ਕੀ ਹੋਵੇਗਾ
ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਇਕ 10-ਲੇਨ ਐਕਸੈਸ-ਕੰਟਰੋਲ ਹਾਈਵੇਅ ਹੈ। ਐਕਸਪ੍ਰੈੱਸਵੇਅ 'ਤੇ 9 ਵੱਡੇ ਪੁਲ, 42 ਛੋਟੇ ਪੁਲ, 64 ਅੰਡਰਪਾਸ, 11 ਓਵਰਪਾਸ ਅਤੇ ਚਾਰ ਰੇਲ ਓਵਰ ਬ੍ਰਿਜ ਹਨ। ਹਾਈਵੇਅ ਦੇ ਨਾਲ-ਨਾਲ ਕਸਬਿਆਂ ਵਿਚ ਆਵਾਜਾਈ ਦੀ ਭੀੜ ਤੋਂ ਬਚਣ ਲਈ ਇਸ 'ਚ ਬਿਦਾਦੀ, ਰਾਮਨਗਰ-ਚੰਨਾਪਟਨਾ, ਮਦੂਰ, ਮਾਂਡਯਾ ਅਤੇ ਸ਼੍ਰੀਰੰਗਪਟਨਾ ਦੇ ਆਲੇ-ਦੁਆਲੇ ਪੰਜ ਬਾਈਪਾਸ ਹਨ। ਇਸ ਤੋਂ ਇਲਾਵਾ ਐਕਸਪ੍ਰੈਸਵੇਅ ਊਟੀ, ਵਾਇਨਾਡ, ਕੋਝੀਕੋਡ ਅਤੇ ਕੰਨੂਰ ਵਰਗੀਆਂ ਥਾਵਾਂ 'ਤੇ ਵੀਕੈਂਡ 'ਤੇ ਜਾਣ ਲਈ ਯਾਤਰਾ ਦੇ ਸਮੇਂ ਨੂੰ ਘਟਾ ਦੇਵੇਗਾ। ਐਕਸਪ੍ਰੈਸਵੇਅ ਨਾ ਸਿਰਫ਼ ਕਰਨਾਟਕ ਵਿਚ ਸਗੋਂ ਤਾਮਿਲਨਾਡੂ ਅਤੇ ਕੇਰਲ 'ਚ ਵੀ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੀ ਸਮਰੱਥਾ ਰੱਖਦਾ ਹੈ।
ਇਹ ਵੀ ਪੜ੍ਹੋ- ਹਿਮਾਚਲ 'ਚ ਐਂਟਰੀ ਹੋਵੇਗੀ ਮਹਿੰਗੀ, ਘੁੰਮਣ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ