''ਅਸੀਂ ਘਰ ''ਚ ਦਾਖ਼ਲ ਹੋ ਕੇ ਮਾਰਾਂਗੇ, ਬਚਣ ਦਾ ਮੌਕਾ ਵੀ ਨਹੀਂ ਦੇਵਾਂਗੇ'' : PM ਮੋਦੀ
Tuesday, May 13, 2025 - 04:40 PM (IST)

ਆਦਮਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਮਹੱਤਵਪੂਰਨ ਆਦਮਪੁਰ ਏਅਰਬੇਸ ਦਾ ਦੌਰਾ ਕਰਕੇ ਉੱਥੇ ਤਾਇਨਾਤ ਭਾਰਤੀ ਹਵਾਈ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਪ੍ਰਧਾਨ ਮੰਤਰੀ ਦਾ ਇਹ ਦੌਰਾ ਅਚਨਚੇਤ ਸੀ। ਇਸ ਦੌਰਾਨ ਉਨ੍ਹਾਂ ਨੇ ਸਿੱਧਾ ਜਵਾਨਾਂ ਨੂੰਸੰਬੋਧਨ ਕਰਦਿਆਂ ਰਾਸ਼ਟਰ ਪ੍ਰਤੀ ਨਿਭਾਈ ਜਾ ਰਹੀ ਉਨ੍ਹਾਂ ਦੀ ਭੂਮਿਕਾ ਨੂੰ ਸਲਾਮ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਭਾਰਤੀ ਫੌਜ ਹੁਣ ਸਿਰਫ਼ ਰੱਖਿਆ ਕਰਨ ਵਾਲੀ ਨਹੀਂ ਸਗੋਂ ਤਾਕਤ ਅਤੇ ਹੁਨਰ ਨਾਲ ਭਰਪੂਰ ਇਕ ਅਜਿਹੀ ਸੰਸਥਾ ਬਣ ਰਹੀ ਹੈ ਜੋ ਹਰ ਕਿਸੇ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਫ਼ੌਜੀ ਜਵਾਨਾਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਭਾਰਤ ਨੇ ਨਾ ਸਿਰਫ਼ ਅੱਤਵਾਦੀਆਂ ਸਗੋਂ ਉਨ੍ਹਾਂ ਨੂੰ ਸਮਰਥਨ ਦੇਣ ਵਾਲੀ ਪਾਕਿਸਤਾਨੀ ਫ਼ੌਜ ਨੂੰ ਵੀ ਸਖ਼ਤ ਜਵਾਬ ਦੇ ਕੇ ਆਪਣੀ ਤਾਕਤ ਵਿਖਾਈ ਹੈ। ਜਿਸ ਪਾਕਿਸਤਾਨੀ ਫ਼ੌਜ ਦੇ ਭਰੋਸੇ ਇਹ ਅੱਤਵਾਦੀ ਬੈਠੇ ਸਨ, ਭਾਰਤੀ ਫ਼ੌਜ, ਭਾਰਤ ਦੀ ਹਵਾਈ ਫੌਜ ਅਤੇ ਭਾਰਤੀਆਂ ਨੇ ਉਸ ਪਾਕਿਸਤਾਨੀ ਫ਼ੌਜ ਨੂੰ ਵੀ ਧੂੜ ਚਟਾ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਸੈਨਾਵਾਂ ਨੇ ਪਾਕਿਸਤਾਨੀ ਫ਼ੌਜ ਨੂੰ ਇਹ ਵੀ ਵਿਖਾ ਦਿੱਤਾ ਕਿ ਪਾਕਿਸਤਾਨ ਵਿਚ ਹੁਣ ਕੋਈ ਥਾਂ ਨਹੀਂ ਬਚੀ ਹੈ, ਜਿੱਥੇ ਅੱਤਵਾਦੀ ਬੈਠ ਕੇ ਚੈਨ ਦਾ ਸਾਹ ਲੈ ਸਕਣ। ਅਸੀਂ ਘਰ ਵਿਚ ਦਾਖ਼ਲ ਹੋ ਕੇ ਮਾਰਾਂਗੇ ਅਤੇ ਬਚਣ ਦਾ ਇਕ ਮੌਕਾ ਤੱਕ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਸਾਡੇ ਡਰੋਨ, ਸਾਡੀਆਂ ਮਿਜ਼ਾਈਲਾਂ ਇਨ੍ਹਾਂ ਬਾਰੇ ਸੋਚਣ ਨੂੰ ਲੈ ਕੇ ਹੀ ਪਾਕਿਸਤਾਨ ਦੀ ਕਈ ਦਿਨਾਂ ਤੱਕ ਨੀਂਦ ਉੱਡ ਜਾਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਸਾਰੀਆਂ ਸੈਨਾਵਾਂ 'ਤੇ ਮਾਣ ਹੈ। 'ਆਪ੍ਰੇਸ਼ਨ ਸਿੰਦੂਰ' ਨਾਲ ਜੁੜੇ ਹਰ ਫ਼ੌਜੀ ਜਵਾਨਾਂ ਨੂੰ ਉਸ ਦਾ ਸਿਹਰਾ ਜਾਂਦਾ ਹੈ। ਤਿੰਨਾਂ ਸੈਨਾਵਾਂ ਵਿਚਾਲੇ ਸ਼ਾਨਦਾਰ ਕੋਆਰਡੀਨੇਸ਼ਨ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਜਵਾਨ ਪ੍ਰੇਰਣਾ ਬਣ ਗਏ ਗਏ ਹਨ। ਪ੍ਰਧਾਨ ਮੰਤਰੀ ਨੇ ਫੌਜੀ ਜਵਾਨਾਂ ਨੂੰ ਕਿਹਾ ਕਿ ਤੁਹਾਡੀ ਡਿਊਟੀ ਸਿਰਫ਼ ਇਕ ਨੌਕਰੀ ਨਹੀਂ, ਸਗੋਂ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਹੈ। ਤੁਸੀਂ ਸਿਰਫ਼ ਸਰਹੱਦਾਂ ਦੀ ਰਾਖੀ ਨਹੀਂ ਕਰਦੇ, ਤੁਸੀਂ ਸਾਡੇ ਭਵਿੱਖ ਦੀ ਰਾਖੀ ਕਰਦੇ ਹੋ।