PM ਮੋਦੀ ਨੇ ਜਰਮਨ ਕਾਰੋਬਾਰੀਆਂ ਨੂੰ ਭਾਰਤ ਦੇ ਨੌਜਵਾਨਾਂ ''ਚ ਨਿਵੇਸ਼ ਕਰਨ ਦੀ ਕੀਤੀ ਅਪੀਲ
Tuesday, May 03, 2022 - 01:34 AM (IST)
ਬਰਲਿਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਅਤੇ ਜਰਮਨ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੇ ਨੌਜਵਾਨਾਂ 'ਚ ਨਿਵੇਸ਼ ਕਰਨ ਦੀ ਅਪੀਲ ਕੀਤੀ। ਨਾਲ ਹੀ ਆਪਣੀ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਦਾ ਵੀ ਜ਼ਿਕਰ ਕੀਤਾ। ਯੂਰਪ ਦੇ 3 ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ 'ਚ ਸੋਮਵਾਰ ਸਵੇਰੇ ਇੱਥੇ ਪਹੁੰਚੇ ਮੋਦੀ ਨੇ ਜਰਮਨ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਵਪਾਰਕ ਗੋਲਮੇਜ਼ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ। ਵਿਦੇਸ਼ ਮੰਤਰਾਲੇ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ, "ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ਕੀਤੇ ਗਏ ਵਿਆਪਕ ਸੁਧਾਰਾਂ 'ਤੇ ਜ਼ੋਰ ਦਿੱਤਾ ਅਤੇ ਭਾਰਤ ਵਿੱਚ ਸਟਾਰਟ-ਅੱਪ ਅਤੇ ਯੂਨੀਕੋਰਨ ਦੀ ਵਧ ਰਹੀ ਗਿਣਤੀ ਨੂੰ ਰੇਖਾਂਕਿਤ ਕੀਤਾ।"
ਇਹ ਵੀ ਪੜ੍ਹੋ : ਰਾਸ਼ਟਰਪਤੀ ਕੋਵਿੰਦ ਅੱਜ ਤੋਂ ਅਸਾਮ ਤੇ ਮਿਜ਼ੋਰਮ ਦੇ 3 ਦਿਨਾ ਦੌਰੇ 'ਤੇ
ਉਨ੍ਹਾਂ ਉਦਯੋਗਪਤੀਆਂ ਨੂੰ ਭਾਰਤ ਦੇ ਨੌਜਵਾਨਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਸ ਸਮਾਗਮ 'ਚ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਉੱਚ ਨੁਮਾਇੰਦਿਆਂ ਅਤੇ ਦੋਵਾਂ ਪਾਸਿਆਂ ਦੇ ਚੁਣੇ ਹੋਏ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ.ਈ.ਓ.) ਨੇ ਸ਼ਿਰਕਤ ਕੀਤੀ। ਇਸ ਦੌਰਾਨ ਜਲਵਾਯੂ ਸਹਿਯੋਗ, ਸਪਲਾਈ ਚੇਨ, ਖੋਜ ਅਤੇ ਵਿਕਾਸ ਵਰਗੇ ਵਿਸ਼ਿਆਂ 'ਤੇ ਚਰਚਾ ਕੀਤੀ ਗਈ। ਭਾਰਤੀ ਵਪਾਰਕ ਵਫ਼ਦ ਦੀ ਅਗਵਾਈ ਸੀ.ਆਈ.ਆਈ. ਦੇ ਚੇਅਰਮੈਨ ਅਤੇ ਬਜਾਜ ਫਿਨਸਰਵ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਬਜਾਜ ਨੇ ਕੀਤੀ। ਬਾਬਾ ਐੱਨ ਕਲਿਆਣੀ, ਸੀ. ਕੇ. ਬਿਰਲਾ, ਪੁਨੀਤ ਚਤਵਾਲ, ਸਲਿਲ ਸਿੰਘਲ, ਸੁਮੰਤ ਸਿਨਹਾ, ਦਿਨੇਸ਼ ਖਾਰਾ, ਸੀ. ਪੀ. ਗੁਰਨਾਨੀ ਅਤੇ ਦੀਪਕ ਬਾਗਲਾ ਭਾਰਤੀ ਵਫ਼ਦ ਦਾ ਹਿੱਸਾ ਸਨ। ਜਰਮਨ ਵਪਾਰਕ ਵਫ਼ਦ ਵਿੱਚ ਸੀਮੇਂਸ, ਬੀ. ਏ. ਐੱਸ. ਐੱਫ., ਬੋਸ਼, ਵੋਕਸਵੈਗਨ, ਜੀ. ਐੱਫ. ਟੀ. ਟੈਕਨਾਲੋਜੀਜ਼ ਸ਼ੈਫਲਰ ਅਤੇ ਡਿਊਸ਼ ਬੈਂਕ ਦੇ ਪ੍ਰਤੀਨਿਧੀ ਸ਼ਾਮਲ ਸਨ।
ਇਹ ਵੀ ਪੜ੍ਹੋ : ਮੰਤਰੀ ਮੰਡਲ ਵੱਲੋਂ 1 ਅਕਤੂਬਰ ਤੋਂ ਘਰ-ਘਰ ਜਾ ਕੇ ਆਟਾ ਸਪਲਾਈ ਕਰਨ ਦੀ ਸ਼ੁਰੂਆਤ ਲਈ ਹਰੀ ਝੰਡੀ
ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਇਕ ਟਵੀਟ 'ਚ ਕਿਹਾ, "ਸਾਡੇ ਵਪਾਰਕ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਓਲਾਫ ਸਕੋਲਜ਼ ਨੇ ਭਾਰਤੀ ਅਤੇ ਜਰਮਨ ਕੰਪਨੀਆਂ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਭਾਰਤ-ਜਰਮਨ ਆਰਥਿਕ ਅਤੇ ਵਪਾਰਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ।" ਮੋਦੀ ਦੀ ਯਾਤਰਾ ਯੂਕ੍ਰੇਨ ਸੰਕਟ ਦੇ ਵਿਚਾਲੇ ਹੋ ਰਹੀ ਹੈ, ਜਿਸ ਨੇ ਯੂਰਪ ਦੇ ਜ਼ਿਆਦਾਤਰ ਹਿੱਸੇ ਨੂੰ ਰੂਸ ਦੇ ਖਿਲਾਫ਼ ਇਕਜੁੱਟ ਕਰ ਦਿੱਤਾ ਹੈ। ਇਸ ਬੈਠਕ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਹਿੱਸਾ ਲਿਆ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦਰਮਿਆਨ 6ਵੀਂ ਅੰਤਰ-ਸਰਕਾਰੀ ਸਲਾਹ-ਮਸ਼ਵਰੇ ਦੀ ਸਹਿ-ਪ੍ਰਧਾਨਗੀ ਕਰਨ ਤੋਂ ਬਾਅਦ ਸਕੋਲਜ਼ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਯੁੱਧ ਦੇ ਮਾਨਵਤਾਵਾਦੀ ਪ੍ਰਭਾਵ ਨੂੰ ਲੈ ਕੇ ਚਿੰਤਤ ਹੈ ਅਤੇ ਉਸ ਨੇ ਯੂਕ੍ਰੇਨ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ।
ਇਹ ਵੀ ਪੜ੍ਹੋ : ਜਰਮਨੀ ਦੌਰੇ 'ਤੇ ਬੋਲੇ PM ਮੋਦੀ- ਰੂਸ-ਯੂਕ੍ਰੇਨ ਯੁੱਧ ਨੂੰ ਲੈ ਕੇ ਚਿੰਤਤ ਹੈ ਭਾਰਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ