PM ਮੋਦੀ ਨੇ ਹਰੇਕ ਨਾਗਰਿਕ ਦੇ ਸੁਫ਼ਨਿਆਂ ਨੂੰ ਖੰਭ ਦੇ ਕੇ ਜਗਾਇਆ ਨਵਾਂ ਆਤਮਵਿਸ਼ਵਾਸ
Monday, May 30, 2022 - 04:52 PM (IST)
ਨਵੀਂ ਦਿੱਲੀ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਹੁਣ ਤੱਕ ਦੇ 8 ਸਾਲ ਦੌਰਾਨ ਦੇਸ਼ ਦੇ ਹਰ ਨਾਗਰਿਕ ਦੇ ਸੁਫ਼ਨਿਆਂ ਅਤੇ ਉਮੀਦਾਂ ਨੂੰ ਖੰਭ ਦੇ ਕੇ ਉਨ੍ਹਾਂ ’ਚ ਨਵਾਂ ਵਿਸ਼ਵਾਸ ਜਗਾਇਆ ਹੈ। ਮੋਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ’ਚ 8 ਸਾਲ ਪੂਰੇ ਕਰਨ ’ਤੇ ਲੜੀਵਾਰ ਟਵੀਟ ’ਚ ਸ਼ਾਹ ਨੇ ਕਿਹਾ ਕਿ ਮੋਦੀ ਦੇ ਰੂਪ ’ਚ ਭਾਰਤ ਨੂੰ ਅਜਿਹੀ ਲੀਡਰਸ਼ਿਪ ਮਿਲੀ ਹੈ, ਜਿਸ ’ਤੇ ਹਰ ਵਰਗ ਨੂੰ ਭਰੋਸਾ ਅਤੇ ਮਾਣ ਹੈ।
ਸ਼ਾਹ ਨੇ ਹੈਸ਼ਟੈਗ ‘ਸੇਵਾ ਦੇ 8 ਸਾਲ’ ਨਾਲ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਸੱਤਾ ਨੂੰ ਸੇਵਾ ਦਾ ਮਾਧਿਅਮ ਮੰਨ ਕੇ ਗਰੀਬਾਂ, ਕਿਸਾਨਾਂ, ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰ ਦਿੱਤੇ, ਜਿਸ ਨਾਲ ਲੋਕਤੰਤਰ ’ਚ ਉਨ੍ਹਾਂ ਦਾ ਭਰੋਸਾ ਜਾਗਿਆ ਅਤੇ ਉਹ ਦੇਸ਼ ਦੀ ਵਿਕਾਸ ਯਾਤਰਾ ’ਚ ਸਹਿਯੋਗੀ ਬਣੇ। ਕਈ ਇਤਿਹਾਸਕ ਪ੍ਰਾਪਤੀਆਂ ਨਾਲ ਭਰਪੂਰ 8 ਸਾਲ ਦੀ ਸਾਰੇ ਦੇਸ਼ ਵਾਸੀਆਂ ਨੂੰ ਵਧਾਈ।’’ ਸ਼ਾਹ ਨੇ ਇਕ ਹੋਰ ਟਵੀਟ ਕੀਤਾ, ‘‘ਮੋਦੀ ਦੇ ਰੂਪ ’ਚ ਅੱਜ ਭਾਰਤ ਕੋਲ ਇਕ ਅਜਿਹੀ ਲੀਡਰਸ਼ਿਪ ਹੈ, ਜਿਸ ’ਤੇ ਹਰ ਵਰਗ ਨੂੰ ਭਰੋਸਾ ਵੀ ਹੈ ਅਤੇ ਮਾਣ ਵੀ। ਆਪਣੀ ਅਣਥੱਕ ਮਿਹਨਤ ਨਾਲ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਇਸ ਭਰੋਸੇ ਦਾ ਮਜ਼ਬੂਤ ਸਤੰਭ ਹੈ। 130 ਕਰੋੜ ਭਾਰਤੀਆਂ ਦੇ ਭਰੋਸੇ ਦੀ ਇਹ ਸ਼ਕਤੀ ਅੱਜ ਦੇਸ਼ ਨੂੰ ਹਰ ਖੇਤਰ ’ਚ ਅੱਗੇ ਲੈ ਕੇ ਜਾ ਰਹੀ ਹੈ।’’
ਸ਼ਾਹ ਨੇ ਅੱਗੇ ਕਿਹਾ, ‘‘ਬੀਤੇ 8 ਸਾਲਾਂ ’ਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਹਰ ਨਾਗਰਿਕ ਦੇ ਸੁਫ਼ਨਿਆਂ ਅਤੇ ਉਮੀਦਾਂ ਨੂੰ ਖੰਭ ਦੇ ਕੇ ਉਨ੍ਹਾਂ ’ਚ ਨਵਾਂ ਆਤਮਵਿਸ਼ਵਾਸ ਜਗਾਇਆ ਹੈ। ਮੋਦੀ ਨੇ ਆਪਣੀ ਮਜ਼ਬੂਤ ਇੱਛਾ ਸ਼ਕਤੀ ਨਾਲ ਨਾ ਸਿਰਫ ਦੇਸ਼ ਨੂੰ ਸੁਰੱਖਿਅਤ ਕੀਤਾ ਸਗੋਂ ਕਈ ਅਜਿਹੇ ਫ਼ੈਸਲੇ ਲਏ, ਜਿਸ ਨਾਲ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਉੱਠਿਆ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਰਾਜਗ ਸਰਕਾਰ 2014 ’ਚ ਸੱਤਾ ’ਚ ਆਈ ਸੀ। ਮੋਦੀ ਅਗਵਾਈ ਵਾਲੀ ਸਰਕਾਰ ਨੇ 2019 ’ਚ ਆਪਣੀ ਸੱਤਾ ਬਰਕਰਾਰ ਰੱਖੀ ਅਤੇ ਦੂਜਾ ਕਾਰਜਕਾਲ ਸ਼ੁਰੂ ਕੀਤਾ।