PM ਮੋਦੀ ਨੇ 6 ਵੰਦੇ ਭਾਰਤ ਟਰੇਨਾਂ ਨੂੰ ਵਿਖਾਈ ਹਰੀ ਝੰਡੀ

Sunday, Sep 15, 2024 - 11:49 AM (IST)

ਰਾਂਚੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਂਚੀ ਵਿਚ ਡਿਜੀਟਲ ਮਾਧਿਅਮ ਤੋਂ ਝਾਰਖੰਡ, ਓਡੀਸ਼ਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ 6 ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਵਿਖਾਈ। ਪ੍ਰਧਾਨ ਮੰਤਰੀ ਦਾ ਟਾਟਾਨਗਰ ਤੋਂ ਇਨ੍ਹਾਂ ਟਰੇਨਾਂ ਨੂੰ ਹਰੀ ਝੰਡੀ ਵਿਖਾਉਣ ਦਾ ਪ੍ਰੋਗਰਾਮ ਸੀ ਪਰ ਘੱਟ ਵਿਜ਼ੀਬਿਲਟੀ ਅਤੇ ਖਰਾਬ ਮੌਸਮ ਦੀ ਵਜ੍ਹਾ ਤੋਂ ਉਨ੍ਹਾਂ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। 

ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਟਾਟਾਨਗਰ ਸਟੇਸ਼ਨ 'ਤੇ ਮੌਜੂਦ ਸਨ। ਇਹ ਨਵੀਂ ਟਰੇਨ ਟਾਟਾਨਗਰ-ਪਟਨਾ, ਬ੍ਰਹਮਾਪੁਰ-ਟਾਟਾਨਗਰ, ਰਾਊਰਕੇਲਾ-ਹਾਵੜਾ, ਦੇਵਘਰ-ਵਾਰਾਣਸੀ, ਭਾਗਲਾਪੁਰ-ਹਾਵੜਾ ਅਤੇ ਗਯਾ-ਹਾਵੜਾ ਰੂਟਾਂ 'ਤੇ ਚੱਲੇਗੀ। 

 

ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਟਰੇਨ ਆਵਾਜਾਈ ਦੇ ਸਮੇਂ ਨੂੰ ਘੱਟ ਕਰਨ ਵਿਚ ਮਦਦ ਕਰੇਗੀ। ਇਨ੍ਹਾਂ ਵੰਦੇ ਭਾਰਤ ਟਰੇਨਾਂ ਤੋਂ ਨਿਯਮਿਤ ਯਾਤਰੀਆਂ, ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਇਹ ਟਰੇਨਾਂ ਦੇਵਘਰ (ਝਾਰਖੰਡ) ਵਿਚ ਬੈਧਨਾਥ ਧਾਮ, ਵਾਰਾਣਸੀ (ਉੱਤਰ ਪ੍ਰਦੇਸ਼) ਵਿਚ ਕਾਸ਼ੀ ਵਿਸ਼ਵਨਾਥ ਮੰਦਰ, ਕਾਲੀਘਾਟ, ਕੋਲਕਾਤਾ (ਪੱਛਮੀ ਬੰਗਾਲ) ਵਿਚ ਬੇਲੂਰ ਮੱਠ ਵਰਗੇ ਤੀਰਥ ਸਥਾਨਾਂ ਤੱਕ ਆਵਾਜਾਈ ਦਾ ਸਮਾਂ ਘੱਟ ਕਰ ਕੇ ਖੇਤਰ ਵਿਚ ਧਾਰਮਿਕ ਸੈਰ-ਸਪਾਟੇ ਨੂੰ ਹੱਲਾ-ਸ਼ੇਰੀ ਦੇਣ ਵਿਚ ਮਦਦ ਕਰੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਧਨਬਾਦ ਵਿਚ ਕੋਲਾ ਅਤੇ ਖਾਨ ਉਦਯੋਗ, ਕੋਲਕਾਤਾ ਵਿਚ ਜੂਟ ਉਦਯੋਗ, ਦੁਰਗਾਪੁਰ ਵਿਚ ਲੋਹਾ ਅਤੇ ਇਸਪਾਤ ਨਾਲ ਜੁੜੇ ਖੇਤਰਾਂ ਨੂੰ ਵੀ ਹੱਲਾ-ਸ਼ੇਰੀ ਮਿਲੇਗੀ।


Tanu

Content Editor

Related News