PM ਮੋਦੀ ਨੇ ਦੇਸ਼ ਨੂੰ ਸਮਰਪਿਤ ਕੀਤੇ 5 AIIMS, ਪੰਜਾਬ ਨੂੰ ਵੀ ਦਿੱਤੀ ਵੱਡੀ ਸੌਗਾਤ

Sunday, Feb 25, 2024 - 06:58 PM (IST)

ਰਾਜਕੋਟ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ 5 ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼)  ਸਮਰਪਿਤ ਕਰ ਦਿੱਤੇ ਹਨ। ਇਸ ਵਿਚ ਰਾਜਕੋਟ (ਗੁਜਰਾਤ), ਬਠਿੰਡਾ (ਪੰਜਾਬ), ਰਾਏਬਰੇਲੀ (ਉਤਰ ਪ੍ਰਦੇਸ਼), ਕਲਿਆਣੀ (ਪੱਛਮੀ ਬੰਗਾਲ) ਅਤੇ ਮੰਗਲਾਗਿਰੀ (ਆਂਧਰਾ ਪ੍ਰਦੇਸ਼) ਦਾ ਏਮਜ਼ ਸ਼ਾਮਲ ਹੈ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਈ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।

ਪੀ.ਐੱਮ. ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਸਮਾਂ ਸੀ, ਜਦੋਂ ਦੇਸ਼ ਦੇ ਸਾਰੇ ਪ੍ਰਮੁੱਖ ਪ੍ਰੋਗਰਾਮ ਦਿੱਲੀ 'ਚ ਹੀ ਹੋ ਕੇ ਰਹਿ ਜਾਂਦੇ ਸਨ। ਮੈਂ ਭਾਰਤ ਸਰਕਾਰ ਨੂੰ ਦਿੱਤੀ ਤੋਂ ਬਾਹਰ ਕੱਢ ਕੇ ਦੇਸ਼ ਦੇ ਕੋਨੇ-ਕੋਨੇ 'ਚ ਪਹੁੰਚਾ ਦਿੱਤਾ। ਅੱਜ ਦਾ ਇਹ ਪ੍ਰੋਗਰਾਮ ਵੀ ਇਸੇ ਗੱਲ ਦਾ ਗਵਾਹ ਹੈ। ਅੱਜ ਇਸ ਇਕ ਪ੍ਰੋਗਰਾਮ ਰਾਹੀਂ ਦੇਸ਼ ਦੇ ਅਨੇਕਾਂ ਸ਼ਹਿਰਾਂ 'ਚ ਵਿਕਾਸ ਕੰਮਾਂ ਦਾ ਉਦਘਾਟਨ ਹੋਣਾ ਅਤੇ ਨੀਂਹ ਪੱਥਰ ਰੱਖਿਆ ਜਾਣਾ, ਇਕ ਨਵੀਂ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ।

ਪੀ.ਐੱਮ. ਮੋਦੀ ਨੇ ਕਿਹਾ ਕਿ ਮੇਰੀ ਜ਼ਿੰਦਗੀ ਦਾ ਕੱਲ੍ਹ ਇਕ ਖਾਸ ਦਿਨ ਸੀ। ਮੇਰੀ ਚੋਣ ਯਾਤਰਾ ਦੀ ਸ਼ੁਰੂਆਤ ਵਿੱਚ ਰਾਜਕੋਟ ਦੀ ਵੱਡੀ ਭੂਮਿਕਾ ਹੈ। 22 ਸਾਲ ਪਹਿਲਾਂ 24 ਫਰਵਰੀ ਨੂੰ ਰਾਜਕੋਟ ਨੇ ਮੈਨੂੰ ਪਹਿਲੀ ਵਾਰ ਆਸ਼ੀਰਵਾਦ ਦਿੱਤਾ ਸੀ, ਆਪਣਾ ਵਿਧਾਇਕ ਚੁਣਿਆ ਅਤੇ ਅੱਜ 25 ਫਰਵਰੀ ਦੇ ਦਿਨ ਪਹਿਲੀ ਵਾਰ ਮੈਂ ਗਾਂਧੀਨਗਰ ਵਿਧਾਨ ਸਭਾ ਵਿੱਚ ਰਾਜਕੋਟ ਤੋਂ ਵਿਧਾਇਕ ਵਜੋਂ ਸਹੁੰ ਚੁੱਕੀ ਸੀ।

ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਗੁਜਰਾਤ ਦੇ ਰਾਜਕੋਟ ਵਿੱਚ ਰੋਡ ਸ਼ੋਅ ਕੀਤਾ। ਲੋਕਾਂ ਨੇ ਪ੍ਰਧਾਨ ਮੰਤਰੀ 'ਤੇ ਫੁੱਲਾਂ ਦੀ ਵਰਖਾ ਕੀਤੀ, ਉਨ੍ਹਾਂ ਨੇ ਸਮਾਗਮ ਵਾਲੀ ਥਾਂ 'ਤੇ ਜਾਂਦੇ ਹੋਏ ਹੱਥ ਹਿਲਾ ਕੇ ਸਮਰਥਕਾਂ ਦਾ ਸਵਾਗਤ ਕੀਤਾ। ਵੱਡੀ ਗਿਣਤੀ 'ਚ ਲੋਕ ਸੜਕ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ 'ਮੋਦੀ, ਮੋਦੀ' ਦੇ ਨਾਅਰੇ ਲਗਾ ਰਹੇ ਸਨ।


Rakesh

Content Editor

Related News