PM ਮੋਦੀ ਬੋਲੇ- 6 ਸਾਲਾਂ ''ਚ ਹੋਏ ਬਹੁਤ ਸਾਰੇ ਸੁਧਾਰ, 21ਵੀਂ ਸਦੀ ਭਾਰਤ ਦੀ ਹੋਵੇਗੀ

Monday, Oct 19, 2020 - 01:30 PM (IST)

PM ਮੋਦੀ ਬੋਲੇ- 6 ਸਾਲਾਂ ''ਚ ਹੋਏ ਬਹੁਤ ਸਾਰੇ ਸੁਧਾਰ, 21ਵੀਂ ਸਦੀ ਭਾਰਤ ਦੀ ਹੋਵੇਗੀ

ਮੈਸੂਰ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਬੀਤੇ 6 ਸਾਲਾਂ ਵਿਚ ਦੇਸ਼ 'ਚ ਚਾਰੋਂ ਪਾਸੇ ਸੁਧਾਰ ਹੋਏ ਹਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਇਸ ਦੀ ਰਫ਼ਤਾਰ ਅਤੇ ਦਾਇਰਾ ਦੋਹਾਂ ਨੂੰ ਵਧਾਇਆ ਗਿਆ ਹੈ, ਤਾਂ ਕਿ 21ਵੀਂ ਸਦੀ ਭਾਰਤ ਦੀ ਹੋਵੇ। ਮੈਸੂਰ ਯੂਨੀਵਰਸਿਟੀ ਦੇ ਸ਼ਤਾਬਦੀ ਦੀਸ਼ਾਂਤ ਸਮਾਰੋਹ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਚਾਰੋ ਪਾਸੇ ਸੁਧਾਰ ਹੋ ਰਹੇ ਹਨ, ਇੰਨੇ ਸੁਧਾਰ ਪਹਿਲਾਂ ਕਦੇ ਨਹੀਂ ਹੋਏ। ਪਹਿਲਾਂ ਕੁਝ ਫ਼ੈਸਲੇ ਹੁੰਦੇ ਸਨ ਤਾਂ ਉਹ ਕਿਸੇ ਇਕ ਖੇਤਰ 'ਚ ਹੁੰਦੇ ਸਨ ਅਤੇ ਦੂਜੇ ਖੇਤਰ ਰਹਿ ਜਾਂਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ 6 ਸਾਲਾਂ ਵਿਚ ਬਹੁਤ ਸਾਰੇ ਸੁਧਾਰ ਹੋਏ ਹਨ ਅਤੇ ਕਈ ਖੇਤਰਾਂ ਵਿਚ ਸੁਧਾਰ ਹੋਏ ਹਨ।

ਖੇਤੀਬਾੜੀ ਦੇ ਖੇਤਰ ਵਿਚ ਕੀਤੇ ਗਏ ਹਾਲ ਹੀ 'ਚ ਸੁਧਾਰਾਂ, ਸਿੱਖਿਆ ਦੇ ਖੇਤਰ ਵਿਚ ਸੁਧਾਰ ਲਈ ਲਿਆਂਦੀ ਗਈ ਰਾਸ਼ਟਰੀ ਸਿੱਖਿਆ ਨੀਤੀ, ਮਜ਼ਦੂਰਾਂ ਲਈ ਲਿਆਂਦੇ ਗਏ ਮਜ਼ਦੂਰ ਸੁਧਾਰ ਸਮੇਤ ਹੋਰ ਸੁਧਾਰਾਂ 'ਤੇ ਚਰਚਾ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਸੁਧਾਰ ਇਸ ਲਈ ਕੀਤੇ ਜਾ ਰਹੇ ਹਨ, ਤਾਂ ਕਿ ਇਹ ਦਹਾਕਾ ਭਾਰਤ ਦਾ ਦਹਾਕਾ ਬਣੇ। ਉਨ੍ਹਾਂ ਕਿਹਾ ਕਿ ਪਿਛਲੇ 6-7 ਮਹੀਨਿਆਂ ਵਿਚ ਸੁਧਾਰ ਦੀ ਰਫ਼ਤਾਰ ਅਤੇ ਦਾਇਰਾ ਦੋਵੇਂ ਵਧੇ ਹਨ। ਖੇਤੀ ਹੋਵੇ ਜਾਂ ਪੁਲਾੜ, ਰੱਖਿਆ ਦਾ ਖੇਤਰ ਹੋਵੇ ਜਾਂ ਹਵਾਬਾਜ਼ੀ ਦਾ ਖੇਤਰ, ਹਰ ਖੇਤਰ ਵਿਚ ਜ਼ਰੂਰੀ ਬਦਲਾਅ ਕੀਤੇ ਜਾ ਰਹੇ ਹਨ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਦੇ ਐਜੂਕੇਸ਼ਨ ਸੈਕਟਰ ਦਾ ਭਵਿੱਖ ਯਕੀਨੀ ਕਰ ਰਹੀ ਹੈ, ਤਾਂ ਇਹ ਨੌਜਵਾਨਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ। ਜੇਕਰ ਖੇਤੀ ਨਾਲ ਜੁੜੇ ਸੁਧਾਰ ਕਿਸਾਨਾਂ ਨੂੰ ਮਜ਼ਬੂਤ ਕਰ ਰਹੇ ਹਨ, ਤਾਂ ਮਜ਼ਦੂਰ ਸੁਧਾਰ ਮਜ਼ਦੂਰਾਂ ਅਤੇ ਉਦਯੋਗਾਂ ਦੋਹਾਂ ਨੂੰ ਵਿਕਾਸ ਅਤੇ ਸੁਰੱਖਿਆ ਦੇ ਰਹੇ ਹਨ। ਰਾਸ਼ਟਰੀ ਸਿੱਖਿਆ ਨੀਤੀ ਦੇ ਫਾਇਦਿਆਂ ਬਾਰੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਇਹ ਪ੍ਰੀ ਨਰਸਰੀ ਤੋਂ ਲੈ ਕੇ ਪੀ. ਐੱਚ. ਡੀ. ਤੱਕ ਦੇਸ਼ ਦੀ ਪੂਰੀ ਸਿੱਖਿਆ ਵਿਵਸਥਾ 'ਚ ਮੌਲਿਕ ਬਦਲਾਅ ਲਿਆਉਣ ਵਾਲੀ ਇਕ ਵੱਡੀ ਮੁਹਿੰਮ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਰਨਾਟਕ 'ਚ ਹੜ੍ਹ ਅਤੇ ਭਾਰੀ ਮੀਂਹ ਕਾਰਨ ਉਥਲ-ਪੁਥਲ ਹੋਏ ਜਨ-ਜੀਵਨ ਅਤੇ ਨੁਕਸਾਨ ਦੀ ਵੀ ਚਰਚਾ ਕੀਤੀ ਅਤੇ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਕਰਨਾਟਕ ਸਰਕਾਰ ਸੂਬੇ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।


author

Tanu

Content Editor

Related News