PM ਮੋਦੀ ਨੇ ਹਰਿਆਣਾ ਦਾ CM ਬਣਨ ''ਤੇ ਨਾਇਬ ਸਿੰਘ ਸੈਨੀ ਨੂੰ ਦਿੱਤੀ ਵਧਾਈ
Tuesday, Mar 12, 2024 - 07:04 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਨਾਇਬ ਸਿੰਘ ਸੈਨੀ ਨੂੰ ਵਧਾਈ ਦਿੱਤੀ ਅਤੇ ਰਾਜ ਦੇ ਲੋਕਾਂ ਦੀਆਂ ਇੱਛਾਵਾਂ ਪੂਰਾ ਕਰਨ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਹਰਿਆਣਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ 'ਤੇ ਨਾਇਬ ਸਿੰਘ ਸੈਨੀ ਨੂੰ ਵਧਾਈ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਤਰੀਆਂ ਦੀ ਟੀਮ ਨੂੰ ਹਰਿਆਣਾ ਦੇ ਲੋਕਾਂ ਦੀਆਂ ਇੱਛਾਵਾਂ ਪੂਰਾ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।''
ਆਉਣ ਵਾਲੀਆਂ ਲੋਕ ਸਭਾ ਚੋਣਾਂ ਪਹਿਲਾਂ ਹਰਿਆਣਾ ਦੀ ਰਾਜਨੀਤੀ 'ਚ ਇਕ ਨਾਟਕੀ ਘਟਨਾਕ੍ਰਮ ਹੋਇਆ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕੁਝ ਹੀ ਦੇਰ ਬਾਅਦ ਭਾਜਪਾ ਦੀ ਰਾਜ ਇਕਾਈ ਦੇ ਪ੍ਰਧਾਨ ਨਾਇਬ ਸਿੰਘ ਸੈਨੀ ਨੇ ਰਾਜ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸੈਨੀ (54) ਦੇ ਨਾਲ ਹੀ ਕੰਵਰਪਾਲ ਗੁੱਜਰ, ਮੂਲਚੰਦ ਸ਼ਰਮਾ, ਚੌਧਰੀ ਰੰਜੀਤ ਸਿੰਘ ਚੌਟਾਲਾ, ਜੈਪ੍ਰਕਾਸ਼ ਦਲਾਲ ਅਤੇ ਬਨਵਾਰੀ ਲਾਲ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ।