ਮੋਦੀ ਕੋਲ ਸਿਰਫ 50 ਹਜ਼ਾਰ ਰੁਪਏ  ਦੀ ਨਕਦੀ, ਫਿਰ ਵੀ ਕਰੋੜਪਤੀ

09/19/2018 11:33:22 AM

ਨਵੀਂ ਦਿੱਲੀ– ਪ੍ਰਧਾਨ ਮੰਤਰੀ ਦਫਤਰ ਵਲੋਂ ਨਰਿੰਦਰ ਮੋਦੀ ਦੀ ਚੱਲ-ਅਚੱਲ ਜਾਇਦਾਦ ਦਾ ਵੇਰਵਾ ਜਾਰੀ ਕੀਤਾ ਗਿਅਾ ਹੈ। ਇਸ ਮੁਤਾਬਕ ਮੋਦੀ ਕੋਲ ਇਸ ਸਮੇਂ ਲਗਭਗ 50 ਹਜ਼ਾਰ ਰੁਪਏ ਦੀ ਹੀ ਨਕਦੀ  ਹੈ। ਪਿਛਲੇ ਸਾਲ ਮੋਦੀ ਕੋਲ ਲਗਭਗ ਡੇਢ ਲੱਖ ਰੁਪਏ ਦੀ ਨਕਦੀ ਸੀ, ਜੋ ਹੁਣ ਸਿਰਫ 48944 ਰੁਪਏ ਹੈ। 
ਜੇ ਪ੍ਰਧਾਨ ਮੰਤਰੀ ਦੀ ਕੁਲ ਚੱਲ-ਅਚੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ 2 ਕਰੋੜ 28 ਲੱਖ ਰੁਪਏ ਦੇ ਲਗਭਗ ਹੈ। ਇਸ ਵਿਚੋਂ 1 ਕਰੋੜ 28 ਲੱਖ ਰੁਪਏ ਦੀ ਚੱਲ ਅਤੇ ਗਾਂਧੀ ਨਗਰ ਵਿਚ ਕੁਝ ਅਚੱਲ ਜਾਇਦਾਦ ਹੈ। ਮੋਦੀ ਨੇ 2002 ਵਿਚ 1 ਲੱਖ ਰੁਪਏ ਵਿਚ 3531.45 ਵਰਗ ਫੁੱਟ ਦੀ ਜਾਇਦਾਦ ਖਰੀਦੀ ਸੀ। ਜੇ ਮੋਦੀ ਦੇ ਬੈਂਕ ਬੈਲੇਂਸ ਦੀ ਗੱਲ ਕਰੀਏ ਤਾਂ ਗੁਜਰਾਤ ਦੇ ਗਾਂਧੀਨਗਰ ਸਥਿਤ ਐੱਸ. ਬੀ. ਅਾਈ. ਦੀ ਬ੍ਰਾਂਚ ਵਿਚ ਉਨ੍ਹਾਂ ਦਾ ਇਕ ਖਾਤਾ ਹੈ, ਇਸ ਵਿਚ 11,29,690 ਰੁਪਏ ਜਮ੍ਹਾ ਹਨ। ਮੋਦੀ ਨੇ ਇਕ ਕਰੋੜ 7 ਲੱਖ 96 ਹਜ਼ਾਰ 288 ਰੁਪਏ ਫਿਕਸ ਡਿਪਾਜ਼ਿਟ ਵਜੋਂ ਵੀ ਕਰਵਾਏ ਹੋਏ ਹਨ।

PunjabKesari
ਮੋਦੀ ਨੇ ਇਸ ਦੇ ਨਾਲ ਹੀ ਕਈ ਹੋਰਨਾਂ ਥਾਵਾਂ ’ਤੇ ਵੀ ਬੱਚਤ ਕੀਤੀ ਹੋਈ ਹੈ। ਇਨਫਰਾਸਟਰੱਕਚਰ ਬਾਂਡ ਵਿਚ ਉਨ੍ਹਾਂ 20 ਹਜ਼ਾਰ ਰੁਪਏ ਲਾਏ  ਹੋਏ ਹਨ। ਇਹ ਅੰਕੜਾ 25 ਜਨਵਰੀ 2012 ਤੱਕ ਦਾ ਹੈ। ਉਨ੍ਹਾਂ 5  ਲੱਖ 18 ਹਜ਼ਾਰ 235 ਰੁਪਏ ਨੈਸ਼ਨਲ ਸੇਵਿੰਗ ਸਰਟੀਫਿਕੇਟਾਂ ਵਿਚ ਲਾਏ ਹੋਏ  ਹਨ। 1 ਲੱਖ 59 ਹਜ਼ਾਰ 281 ਰੁਪਏ  ਦਾ ਜੀਵਨ ਬੀਮਾ ਵੀ ਕਰਵਾਇਅਾ ਹੋਇਅਾ ਹੈ। ਉਨ੍ਹਾਂ ਕੋਲ ਸੋਨੇ ਦੀਅਾਂ 4 ਮੁੰਦਰੀਅਾਂ ਵੀ ਹਨ, ਜਿਨ੍ਹਾਂ ਦਾ ਭਾਰ 45 ਗ੍ਰਾਮ ਹੈ। ਇਨ੍ਹਾਂ ਦੀ ਕੀਮਤ 1 ਲੱਖ 38 ਹਜ਼ਾਰ ਰੁਪਏ ਦੱਸੀ ਗਈ ਹੈ।
ਉਕਤ ਜਾਣਕਾਰੀ ਮੁਤਾਬਕ ਮੋਦੀ ਨੇ ਕਿਸੇ ਵੀ ਬੈਂਕ ਤੋਂ ਕੋਈ ਕਰਜ਼ਾ ਨਹੀਂ ਲਿਅਾ ਹੋਇਅਾ  ਹੈ। ਉਨ੍ਹਾਂ ਦੇ ਨਾਂ ’ਤੇ ਕੋਈ ਵੀ ਟੂਵ੍ਹੀਲਰ ਜਾਂ ਫੋਰਵ੍ਹੀਲਰ ਨਹੀਂ ਹੈ। ਪ੍ਰਧਾਨ ਮੰਤਰੀ ਬਣਨ ਪਿੱਛੋਂ ਮੋਦੀ ਨੇ ਕਦੇ ਵੀ ਸੋਨਾ ਨਹੀਂ ਖਰੀਦਿਅਾ।


Related News