ਹਿਮਾਚਲ 'ਚ ਬੋਲੇ PM ਮੋਦੀ- ਸਾਡੀ ਸਰਕਾਰ ਦੇ ਫ਼ੈਸਲੇ ਗਵਾਹ ਹਨ, ਜੋ ਕਹਿੰਦੇ ਹਾਂ, ਉਹ ਕਰ ਕੇ ਦਿਖਾਉਂਦੇ ਹਾਂ

10/03/2020 12:55:10 PM

ਰੋਹਤਾਂਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ 'ਚ ਦੁਨੀਆ ਦੀ ਸਭ ਤੋਂ ਵੱਡੀ 'ਅਟਲ ਸੁਰੰਗ' ਦਾ ਉਦਘਾਟਨ ਕੀਤਾ ਹੈ। ਇਹ ਸੁਰੰਗ 9.02 ਕਿਲੋਮੀਟਰ ਲੰਬੀ ਹੈ। ਸੁਰੰਗ ਦੇ ਉਦਘਾਟਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਸਿਰਫ ਅਟਲ ਜੀ ਦਾ ਸੁਫ਼ਨਾ ਪੂਰਾ ਨਹੀਂ ਹੋਇਆ ਹੈ, ਸਗੋਂ ਹਿਮਾਚਲ ਪ੍ਰਦੇਸ਼ ਦੇ ਕਰੋੜਾਂ ਲੋਕਾਂ ਦੀ ਦਹਾਕਿਆਂ ਪੁਰਾਣੀ ਉਡੀਕ ਖਤਮ ਹੋਈ ਹੈ। ਅਟਲ ਸੁਰੰਗ ਲੇਹ, ਲੱਦਾਖ ਦੀ ਲਾਈਫ਼ ਲਾਈਨ ਬਣੇਗੀ। ਉਨ੍ਹਾਂ ਕਿਹਾ ਕਿ ਹੁਣ ਲੇਹ-ਲੱਦਾਖ ਦੇ ਕਿਸਾਨਾਂ, ਬਾਗਵਾਨਾਂ ਅਤੇ ਨੌਜਵਾਨਾਂ ਲਈ ਵੀ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਦੂਜੇ ਬਜ਼ਾਰਾਂ ਤੱਕ ਪਹੁੰਚ ਆਸਾਨ ਹੋ ਜਾਵੇਗੀ। ਸਾਡੀ ਸਰਕਾਰ ਦੇ ਫ਼ੈਸਲੇ ਗਵਾਹ ਹਨ, ਜੋ ਕਹਿੰਦੇ ਹਾਂ, ਉਹ ਕਰ ਕੇ ਦਿਖਾਉਂਦੇ ਹਾਂ।

ਇਹ ਵੀ ਪੜ੍ਹੋ: PM ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਸੁਰੰਗ 'ਅਟਲ ਟਨਲ' ਦਾ ਉਦਘਾਟਨ ਕੀਤਾ

ਇਸ ਸੁਰੰਗ ਨਾਲ ਮਨਾਲੀ ਅਤੇ ਕੇਲੋਂਗ ਦਰਮਿਆਨ ਦੀ ਦੂਰੀ 3-4 ਘੰਟੇ ਘੱਟ ਹੋ ਹੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2002 'ਚ ਅਟਲ ਜੀ ਨੇ ਇਸ ਸੁਰੰਗ ਲਈ ਰੋਡ ਦਾ ਨੀਂਹ ਪੱਥਰ ਰੱਖਿਆ ਸੀ। ਅਟਲ ਜੀ ਦੀ ਸਰਕਾਰ ਜਾਣ ਮਗਰੋਂ ਜਿਵੇਂ ਇਸ ਕੰਮ ਨੂੰ ਵੀ ਭੁੱਲਾ ਦਿੱਤਾ ਗਿਆ। ਹਾਲਾਤ ਇਹ ਸੀ ਕਿ ਸਾਲ 2013-14 ਤੱਕ ਸੁਰੰਗ ਲਈ ਸਿਰਫ 1300 ਮੀਟਰ ਦਾ ਕੰਮ ਹੀ ਹੋ ਸਕਿਆ ਸੀ। ਅਟਲ ਸੁਰੰਗ ਦੇ ਕੰਮ 'ਚ ਵੀ 2014 ਤੋਂ ਬਾਅਦ ਤੇਜ਼ੀ ਲਿਆਂਦੀ ਗਈ। ਜਿਸ ਰਫ਼ਤਾਰ ਨਾਲ ਸੁਰੰਗ ਦਾ ਕੰਮ ਹੋ ਰਿਹਾ ਸੀ, ਜੇਕਰ ਉਸੇ ਰਫ਼ਤਾਰ ਨਾਲ ਕੰਮ ਚੱਲਦਾ ਹੁੰਦਾ ਤਾਂ ਇਹ ਸੁਰੰਗ ਸਾਲ 2040 'ਚ ਜਾ ਕੇ ਪੂਰੀ ਹੁੰਦੀ। ਸਿਰਫ 6 ਸਾਲ 'ਚ ਅਸੀਂ 26 ਸਾਲ ਦਾ ਕੰਮ ਪੂਰਾ ਕਰ ਲਿਆ। ਇਸ ਕੰਮ 'ਚ ਆਪਣਾ ਪਸੀਨਾ ਵਹਾਉਣ ਵਾਲੇ, ਆਪਣੀ ਜਾਨ ਜ਼ੋਖਮ 'ਚ ਪਾਉਣ ਵਾਲੇ, ਮਿਹਨਤੀ ਜਵਾਨਾਂ, ਇੰਜੀਨੀਅਰਾਂ ਅਤੇ ਮਜ਼ਦੂਰ ਭਰਾ-ਭੈਣਾਂ ਨੂੰ ਮੈਂ ਨਮਨ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਸੁਰੰਗ ਭਾਰਤ ਦੇ ਬਾਰਡਰ ਇੰਫਰਾਸਟ੍ਰਕਚਰ ਨੂੰ ਨਵੀਂ ਤਾਕਤ ਦੇਣ ਵਾਲੀ ਹੈ। 

ਇਹ ਵੀ ਪੜ੍ਹੋ: PM ਮੋਦੀ ਭਲਕੇ ਕਰਨਗੇ ਦੁਨੀਆ ਦੀ ਸਭ ਤੋਂ ਲੰਬੀ ਹਾਈਵੇਅ ਸੁਰੰਗ ਦਾ ਉਦਘਾਟਨ, ਜਾਣੋ ਖ਼ਾਸੀਅਤ

ਦੱਸ ਦੇਈਏ ਕਿ ਅਟਲ ਸੁਰੰਗ ਦੁਨੀਆ ਦੀ ਸਭ ਤੋਂ ਲੰਬੀ ਹਾਈਵੇਅ ਸੁਰੰਗ ਹੈ। 9.02 ਕਿਲੋਮੀਟਰ ਲੰਬੀ ਸੁਰੰਗ ਮਨਾਲੀ ਨੂੰ ਸਾਲ ਭਰ ਲਾਹੌਲ ਸਪੀਤੀ ਘਾਟੀ ਨਾਲ ਜੋੜ ਕੇ ਰੱਖੇਗੀ। ਪਹਿਲਾਂ ਘਾਟੀ ਕਰੀਬ 6 ਮਹੀਨੇ ਤੱਕ ਭਾਰੀ ਬਰਫ਼ਬਾਰੀ ਕਾਰਨ ਬਾਕੀ ਹਿੱਸੇ ਤੋਂ ਕੱਟੀ ਰਹਿੰਦੀ ਸੀ। ਹਿਮਾਲਿਆ ਦੇ ਪੀਰ ਪੰਜਾਲ ਪਰਬਤ ਲੜੀ ਦਰਮਿਆਨ ਅਧਿਆਧੁਨਿਕ ਖ਼ਾਸੀਅਤ ਨਾਲ ਸਮੁੰਦਰ ਤਲ ਤੋਂ ਕਰੀਬ 3 ਹਜ਼ਾਰ ਮੀਟਰ ਦੀ ਉੱਚਾਈ 'ਤੇ ਸੁਰੰਗ ਨੂੰ ਬਣਾਇਆ ਗਿਆ ਹੈ। ਅਟਲ ਸੁਰੰਗ ਦਾ ਦੱਖਣੀ ਪੋਰਟਲ ਮਨਾਲੀ ਤੋਂ 25 ਕਿਲੋਮੀਟਰ ਦੀ ਦੂਰੀ 'ਤੇ 3,060 ਮੀਟਰ ਦੀ ਉੱਚਾਈ 'ਤੇ ਬਣਿਆ ਹੈ, ਜਦਕਿ ਉੱਤਰੀ ਪੋਰਟਲ 3,071 ਮੀਟਰ ਦੀ ਉੱਚਾਈ 'ਤੇ ਲਾਹੌਲ ਘਾਟੀ ਵਿਚ ਤੇਲਿੰਗ, ਸੀਸੂ ਪਿੰਡ ਦੇ ਨੇੜੇ ਸਥਿਤ ਹੈ। 

ਘੋੜੇ ਦੀ ਨਾਲ ਦੇ ਆਕਾਰ ਵਾਲੀ ਦੋ ਲੇਨ ਵਾਲੀ ਸੁਰੰਗ ਵਿਚ 8 ਮੀਟਰ ਚੌੜੀ ਸੜਕ ਹੈ ਅਤੇ ਉਸ ਦੀ ਉੱਚਾਈ 5.525 ਮੀਟਰ ਹੈ। ਸੁਰੰਗ ਦੇਸ਼ ਦੀ ਰੱਖਿਆ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਅਟਲ ਸੁਰੰਗ ਦਾ ਡਿਜ਼ਾਈਨ ਰੋਜ਼ਾਨਾ 3 ਹਜ਼ਾਰ ਕਾਰਾਂ ਅਤੇ 1500 ਟਰੱਕਾਂ ਲਈ ਤਿਆਰ ਕੀਤਾ ਗਿਆ ਹੈ, ਜਿਸ 'ਚ ਵਾਹਨਾਂ ਦੀ ਵਧੇਰੇ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਰੋਹਤਾਂਗ ਦਰਰੇ ਹੇਠਾਂ ਰਣਨੀਤਕ ਰੂਪ ਤੋਂ ਮਹੱਤਵਪੂਰਨ ਇਸ ਸੁਰੰਗ ਦਾ ਨਿਰਮਾਣ ਕਰਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਸੁਰੰਗ ਦੇ ਦੱਖਣੀ ਪੋਰਟਲ 'ਤੇ ਸੰਪਰਕ ਮਾਰਗ ਦਾ ਨੀਂਹ ਪੱਥਰ 26 ਮਈ 2002 ਨੂੰ ਰੱਖਿਆ ਗਿਆ ਸੀ। ਮੋਦੀ ਸਰਕਾਰ ਨੇ ਦਸੰਬਰ 2019 ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਸਨਮਾਨ ਵਿਚ ਸੁਰੰਗ ਦਾ ਨਾਂ ਅਟਲ ਸੁਰੰਗ ਰੱਖਣ ਦਾ ਫ਼ੈਸਲਾ ਕੀਤਾ ਸੀ।


Tanu

Content Editor

Related News