3 ਸਾਲ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦੀ ਮੁਲਾਕਾਤ ਸੰਭਵ

Saturday, Sep 03, 2022 - 10:16 AM (IST)

3 ਸਾਲ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦੀ ਮੁਲਾਕਾਤ ਸੰਭਵ

ਨਵੀਂ ਦਿੱਲੀ/ਜਲੰਧਰ (ਨੈਸ਼ਨਲ ਡੈਸਕ)- ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਤਣਾਅ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਤਿੰਨ ਸਾਲ ਬਾਅਦ ਮੁਲਾਕਾਤ ਹੋ ਸਕਦੀ ਹੈ। ਦੋਵਾਂ ਨੇਤਾਵਾਂ ਦੇ ਉਜ਼ਬੇਕਿਸਤਾਨ ’ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ’ਚ ਸ਼ਾਮਲ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੈਠਕ ਸਤੰਬਰ ਦੇ ਅੱਧ ’ਚ ਵੀ ਹੋ ਸਕਦੀ ਹੈ। ਇਕ ਮੀਡੀਆ ਰਿਪੋਰਟ ਨੇ ਇਹ ਵੀ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਦੋਵੇਂ ਇਸੇ ਸਾਲ ਨਵੰਬਰ ਦੇ ਅੱਧ ’ਚ ਮਿਲਣ, ਜਦੋਂ ਜੀ-20 ਦੇਸ਼ਾਂ ਦੀ ਬੈਠਕ ’ਚ ਉਹ ਹਿੱਸਾ ਲੈਣ ਲਈ ਇੰਡੋਨੇਸ਼ੀਆ ਪਹੁੰਚਣਗੇ।

ਭਾਰਤ ਤੇ ਚੀਨ ਵਿਚਾਲੇ ਜਾਰੀ ਹੈ ਤਣਾਅ

ਹਾਲਾਂਕਿ ਮੀਡੀਆ ਰਿਪੋਰਟਾਂ ਨੇ ਇਸ ਬੈਠਕ ਨੂੰ ਭਾਰਤ ਲਈ ਖਤਰੇ ਨਾਲ ਭਰਿਆ ਦੱਸਿਆ ਹੈ। ਹਾਲ ਦੇ ਦਿਨਾਂ ’ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਤਣਾਅ ਦੇ ਬਾਵਜੂਦ ਚੀਨ ਵੱਲੋਂ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਆਮ ਵਾਂਗ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਭਾਰਤ ਸੁਚੇਤ ਹੈ। ਇਸ ਸਾਲ ਮਾਰਚ ’ਚ ਜਦੋਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਜਦੋਂ ਭਾਰਤ ਦੇ ਦੌਰੇ ’ਤੇ ਆਏ ਤਾਂ ਭਾਰਤ ਨੇ ਨਾ ਚਾਹੁੰਦਿਆਂ ਹੋਇਆਂ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਪਰ ਨਾਲ ਹੀ ਇਹ ਸਖ਼ਤ ਸੰਦੇਸ਼ ਵੀ ਦਿੱਤਾ ਕਿ ਭਾਰਤ ਸਰਹੱਦ ਨੂੰ ਸਹੀ ਥਾਂ ’ਤੇ ਰੱਖਣ ਅਤੇ ਸਬੰਧਾਂ ਨੂੰ ਬਹਾਲ ਕਰਨ ਦੀ ਚੀਨ ਦੀ ਮੰਗ ਨੂੰ ਸਵੀਕਾਰ ਨਹੀਂ ਕਰੇਗਾ।

ਭਾਰਤ ਚੀਨ ਨਾਲ ਤੱਥਾਂ ’ਤੇ ਕਰਨਾ ਚਾਹੁੰਦਾ ਹੈ ਗੱਲ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 29 ਅਗਸਤ ਨੂੰ ਇਕ ਵਾਰ ਫਿਰ ਦੁਹਰਾਇਆ ਕਿ ਭਾਰਤ ਅਤੇ ਚੀਨ ਵਿਚਲੇ ਸਬੰਧ ਉਦੋਂ ਹੀ ਆਮ ਵਾਂਗ ਹੋਣਗੇ ਜਦੋਂ ਸਰਹੱਦ ’ਤੇ ਸਥਿਤੀ ਆਮ ਵਾਂਗ ਹੋਵੇਗੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਵਿਦੇਸ਼ ਮੰਤਰੀ ਆਸਟ੍ਰੇਲੀਆ ਅਤੇ ਬ੍ਰਾਜ਼ੀਲ ਦੇ ਦੌਰੇ ’ਤੇ ਇਹ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕੋਈ ਸ਼ਰਤਾਂ ਨਹੀਂ ਥੋਪ ਰਹੇ, ਸਗੋਂ ਦੋਵਾਂ ਧਿਰਾਂ ਵਿਚਾਲੇ ਹੋਏ ਸਮਝੌਤਿਆਂ ਨੂੰ ਲੈ ਕੇ ਤੱਥ ਸਾਹਮਣੇ ਰੱਖ ਰਹੇ ਹਾਂ। ਹਾਲਾਂਕਿ, ਭਾਰਤ ਜਿਸ ਸਮਝੌਤੇ ਦੀ ਉਲੰਘਣਾ ਦਾ ਦੋਸ਼ ਚੀਨ ’ਤੇ ਲਗਾਉਂਦਾ ਹੈ, ਉਸੇ ਦਾ ਹਵਾਲਾ ਦਿੰਦੇ ਹੋਏ, ਚੀਨੀ ਫੌਜ ਨੇ ਪਿਛਲੇ ਹਫਤੇ ਭਾਰਤ-ਅਮਰੀਕਾ ਵਿਚਾਲੇ ਉੱਚਾਈ ਵਾਲੇ ਇਲਾਕਿਆਂ ’ਚ ਹੋਣ ਵਾਲੇ ਮਿਲਟਰੀ ਅਭਿਆਸ ਦਾ ਵਿਰੋਧ ਕੀਤਾ ਸੀ। ਮੋਦੀ ਅਤੇ ਜਿਨਪਿੰਗ ਵਿਚਾਲੇ ਹੋਈਆਂ ਪਿਛਲੀਆਂ ਬੈਠਕਾਂ ਨੂੰ ਦੋਵਾਂ ਪੱਖਾਂ ਨੇ ਸਰਹੱਦ ’ਤੇ ਤਣਾਅ ਨੂੰ ਘੱਟ ਕਰਨ ਵਿਚ ਮਦਦ ਵਜੋਂ ਦੇਖਿਆ ਹੈ।

ਜਰਮਨੀ ਦੇ ਭਾਰਤ ਨੂੰ ਸਮਰਥਨ ਤੋਂ ਨਾਰਾਜ਼ ਹੋਇਆ ਚੀਨ

ਉਦੋਂ ਤੋਂ ਹੀ ਭਾਰਤ ਲਗਾਤਾਰ ਜਨਤਕ ਮੰਚਾਂ ’ਤੇ ਇਹ ਸੰਦੇਸ਼ ਦੁਹਰਾਉਂਦਾ ਰਿਹਾ ਹੈ। ਬੀਤੇ ਵੀਰਵਾਰ ਨੂੰ ਹੀ ਵਿਦੇਸ਼ ਮੰਤਰਾਲੇ ਨੇ ਭਾਰਤ ’ਚ ਜਰਮਨੀ ਦੇ ਰਾਜਦੂਤ ਵੱਲੋਂ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਦਿੱਤੇ ਗਏ ਬਿਆਨ ਦਾ ਸਮਰਥਨ ਕੀਤਾ ਸੀ। ਦਰਅਸਲ, ਜਰਮਨ ਰਾਜਦੂਤ ਨੇ ਕਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਦਾਅਵੇ ਗਲਤ ਹਨ ਅਤੇ ਉਹ ਇੱਥੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ। ਜਰਮਨ ਰਾਜਦੂਤ ਫਿਲਿਪ ਐਕਰਮੈਨ ਦੇ ਬਿਆਨ ਨੇ ਜਿੱਥੇ ਚੀਨ ਨੂੰ ਨਾਰਾਜ਼ ਕੀਤਾ , ਤਾਂ ਉੱਥੇ ਹੀ ਇਸ ਨਾਲ ਜੁੜੇ ਸਵਾਲਾਂ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਸਰਹੱਦੀ ਵਿਵਾਦ ’ਤੇ ਭਾਰਤ ਦੇ ਸਟੈਂਡ ਦੀ ਸ਼ਲਾਘਾ ਕਰਦਾ ਹੈ।

ਸਿਖਰ ਸੰਮੇਲਨ ਦੀਆਂ ਤਿਆਰੀਆਂ ਲਗਭਗ ਮੁਕੰਮਲ

ਸਿਖਰ ਸੰਮੇਲਨ ਦੀਆਂ ਤਿਆਰੀਆਂ ਵਿਚ ਲੱਗੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਮੀਡੀਆ ਰਿਪੋਰਟਾਂ ’ਚ ਦੱਸਿਆ ਕਿ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਸਾਰੇ 8 ਮੈਂਬਰ ਦੇਸ਼ਾਂ ਦੇ ਨੇਤਾਵਾਂ ਦੇ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਵੀ ਇਸ ਸਾਲ ਐੱਸ. ਸੀ. ਓ. ਦੀ ਬੈਠਕ ’ਚ ਮੈਂਬਰ ਦੇ ਤੌਰ ’ਤੇ ਜੁੜਣਗੇ। ਵਿਦੇਸ਼ ਮੰਤਰਾਲੇ ਨੇ ਪਹਿਲਾਂ ਦੱਸਿਆ ਸੀ ਕਿ ਐੱਸ. ਸੀ. ਓ. ਬੈਠਕ ਲਈ ਪ੍ਰਧਾਨ ਮੰਤਰੀ ਮੋਦੀ ਦੇ ਸਮਰਕੰਦ ਦੌਰੇ ਦਾ ਐਲਾਨ ਸਹੀ ਸਮੇਂ ’ਤੇ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬੈਠਕ ’ਚ ਸ਼ਾਮਲ ਹੋਣ ਦੀ ਮਜ਼ਬੂਤ ਸੰਭਾਵਨਾ ਹੈ ਇਸ ਲਈ ਵੀ ਹੈ, ਕਿਉਂਕਿ ਭਾਰਤ ਹੁਣ ਐੱਸ. ਸੀ. ਓ. ਦਾ ਪ੍ਰਧਾਨ ਬਣ ਰਿਹਾ ਹੈ ਅਤੇ ਅਗਲੇ ਸਾਲ ਸੰਮੇਲਨ ਦੀ ਮੇਜ਼ਬਾਨੀ ਵੀ ਕਰੇਗਾ।


author

DIsha

Content Editor

Related News