ਹਿਊਸਟਨ ''ਚ ਸਨਮਾਨਤ ਹੋਣਗੇ ਪੀ. ਐੱਮ. ਮੋਦੀ, 50,000 ਲੋਕਾਂ ਨੂੰ ਕਰਨਗੇ ਸੰਬੋਧਤ
Saturday, Jul 27, 2019 - 11:32 AM (IST)

ਹਿਊਸਟਨ— ਅਮਰੀਕੀ ਸ਼ਹਿਰ ਹਿਊਸਟਨ ਸਥਿਤ 'ਟੈਕਸਾਸ ਇੰਡੀਆ ਫੋਰਮ' 22 ਸਤੰਬਰ ਨੂੰ ਐੱਨ. ਆਰ. ਜੀ. ਸਟੇਡੀਅਮ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ 'ਚ ਇਕ ਭਾਈਚਾਰਕ ਸੰਮੇਲਨ ਆਯੋਜਿਤ ਕਰੇਗਾ। ਇਹ ਅਮਰੀਕਾ ਦੇ ਸਭ ਤੋਂ ਵੱਡੇ ਪੇਸ਼ੇਵਰ ਫੁੱਟਬਾਲ ਸਟੇਡੀਅਮਾਂ 'ਚੋਂ ਇਕ ਹੈ। ਗੈਰ ਲਾਭਕਾਰੀ ਸੰਗਠਨ ਟੈਕਸਾਸ ਇੰਡੀਆ ਫੋਰਮ ਨੇ ਪੁਸ਼ਟੀ ਕੀਤੀ ਕਿ 'ਹਾਊੜੀ ਮੋਦੀ' ਨਾਂ ਦੇ ਇਸ ਪ੍ਰੋਗਰਾਮ 'ਚ 50,000 ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਪ੍ਰੋਗਰਾਮ ਲਈ ਸਵਾਗਤ ਸਾਂਝੇਦਾਰ ਦੇ ਤੌਰ 'ਤੇ 650 ਤੋਂ ਵਧੇਰੇ ਭਾਈਚਾਰਕ ਸੰਗਠਨ ਪਹਿਲਾਂ ਹੀ ਦਸਤਖਤ ਕਰ ਚੁੱਕੇ ਹਨ। ਉਨ੍ਹਾਂ ਨੂੰ ਆਪਣੇ ਮੈਂਬਰਾਂ ਲਈ ਖਾਸ ਮੁਫਤ ਪਾਸ ਮਿਲਣਗੇ।
ਇਸ ਮੌਕੇ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ। ਹਿਊਸਟਨ 'ਚ ਮਸ਼ਹੂਰ ਭਾਰਤੀ ਭਾਈਚਾਰੇ ਦੇ ਨੇਤਾ ਜੁਗਲ ਮਲਾਨੀ ਨੂੰ ਪ੍ਰੋਗਰਾਮ ਦੀ ਪ੍ਰਬੰਧਕ ਕਮੇਟੀ ਦਾ ਆਰਗੇਨਾਇਜ਼ਰ ਬਣਾਇਆ ਗਿਆ ਹੈ। ਮਲਾਨੀ ਨੇ ਕਿਹਾ ਕਿ ਅਸੀਂ ਐੱਨ. ਆਰ. ਜੀ. ਸਟੇਡੀਅਮ 'ਚ ਇਸ ਸੰਮੇਲਨ ਦੇ ਪ੍ਰਬੰਧ ਨੂੰ ਲੈ ਕੇ ਉਤਸ਼ਾਹਿਤ ਹਾਂ। ਇਹ ਭਾਰਤੀ ਅਮਰੀਕੀਆਂ ਅਤੇ ਭਾਰਤ ਦੇ ਦੋਸਤਾਂ ਦੀ ਸਭ ਤੋਂ ਵੱਡੀ ਸਭਾ ਹੋਵੇਗੀ। ਇਸ ਪ੍ਰੋਗਰਾਮ ਦੀ ਟੈਗਲਾਈਨ 'ਸਾਂਝੇ ਸੁਪਨੇ, ਉੱਜਵਲ ਭਵਿੱਖ' ਆਮ ਇੱਛਾਵਾਂ ਨੂੰ ਪੂਰਾ ਕਰਨ ਦੇ ਇਰਾਦੇ ਨੂੰ ਦਰਸਾਉਂਦਾ ਹੈ ਅਤੇ ਇਹ ਇੱਛਾ ਅਮਰੀਕਾ ਅਤੇ ਭਾਰਤ ਦੇ ਮਹਾਨ ਲੋਕਤੰਤਰ ਨੂੰ ਇਕੱਠੇ ਲਿਆਉਣਾ ਹੈ। ਪ੍ਰੋਗਰਾਮ 'ਚ ਹਿੱਸਾ ਲੈਣਾ ਮੁਫਤ ਹੋਵੇਗਾ ਪਰ ਇਸ ਦੇ ਲਈ ਪਾਸ ਦੀ ਜ਼ਰੂਰਤ ਹੋਵੇਗੀ, ਜਿਸ ਨੂੰ www.howdymodi.org ਵੈੱਬਸਾਈਟ 'ਤੇ ਰਜਿਸਟਰ ਕਰਕੇ ਹਾਸਲ ਕੀਤਾ ਜਾ ਸਕਦਾ ਹੈ। ਇਹ ਪ੍ਰਧਾਨ ਮੰਤਰੀ ਦੇ ਤੌਰ 'ਤੇ ਮੋਦੀ ਦੀ ਹਿਊਸਟਨ ਦੀ ਪਹਿਲੀ ਯਾਤਰਾ ਹੋਵੇਗੀ। ਕਈ ਸਾਲ ਪਹਿਲਾਂ ਜਦ ਮੋਦੀ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਸਨ ਤਦ ਉਹ ਸਟੈਫੋਰਡ 'ਚ ਬੀ. ਏ. ਪੀ. ਐੱਸ. ਮੰਦਰ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਦੇ ਸਿਲਸਿਲੇ 'ਚ ਹਿਊਸਟਨ ਆਏ ਸਨ। ਹਿਊਸਟਨ ਇਲਾਕੇ 'ਚ ਵੱਡੀ ਗਿਣਤੀ 'ਚ ਮੋਦੀ ਸਮਰਥਕ ਰਹਿੰਦੇ ਹਨ ਤੇ ਸੈਂਕੜੇ ਸਵੈਸੇਵਕ ਵਿਦੇਸ਼ਾਂ ਤੋਂ ਭਾਰਤ 'ਚ ਉਨ੍ਹਾਂ ਦੀ ਚੋਣ ਮੁਹਿੰਮ 'ਚ ਮਦਦ ਕਰਦੇ ਰਹੇ ਹਨ।