PM ਮੋਦੀ ਦਾ ਸੰਦੇਸ਼- ਹਰ ਚੀਜ਼ ਪੀ. ਐੱਮ. ਓ. ’ਤੇ ਥੋਪਣ ਤੋਂ ਬਚਣ ਸਕੱਤਰ
Saturday, Sep 21, 2024 - 11:00 AM (IST)
ਨਵੀਂ ਦਿੱਲੀ- ਲਗਾਤਾਰ ਤੀਜੀ ਵਾਰ ਚੁਣੇ ਜਾਣ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕੱਤਰਾਂ ਨਾਲ ਮੈਰਾਥਨ ਮੀਟਿੰਗ ਕੀਤੀ ਤਾਂ ਨੌਕਰਸ਼ਾਹਾਂ ਲਈ ਉਨ੍ਹਾਂ ਦਾ ਪਹਿਲਾ ਸੰਦੇਸ਼ ਇਹ ਸੀ ਕਿ ਉਨ੍ਹਾਂ ਨੂੰ ਪੀ. ਐੱਮ. ਓ. ’ਤੇ ਹਰ ਚੀਜ਼ ਨੂੰ ਥੋਪਣ ਤੋਂ ਬਚਣਾ ਚਾਹੀਦਾ ਹੈ। ਸਕੱਤਰਾਂ ਨੂੰ ਆਪਣੇ ਪੱਧਰ ’ਤੇ ਮਸਲਿਆਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਕੋਈ ਵੀ ਸਕੱਤਰ ਅਜਿਹਾ ਜੋਖਮ ਨਹੀਂ ਉਠਾਉਂਦਾ ਅਤੇ ਜ਼ਿਆਦਾਤਰ ਪੀ. ਐੱਮ. ਓ. ਨੂੰ ਫੋਨ ਕਰ ਦਿੰਦਾ ਹੈ ਕਿ ਫਾਈਲ ਭੇਜੀ ਜਾਵੇ ਜਾਂ ਨਹੀਂ।
ਕਿਉਂਕਿ ਮੋਦੀ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਤੁਰੰਤ ਬਾਅਦ ਇਹ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਨੂੰ ਗੱਠਜੋੜ ਸਰਕਾਰ ਚਲਾਉਣੀ ਪਵੇਗੀ ਅਤੇ ਭਾਈਵਾਲ ਸ਼ਾਇਦ ਹਰ ਗੱਲ ਲਈ ਪੀ. ਐੱਮ. ਓ. ਤੋਂ ਮਨਜ਼ੂਰੀ ਲੈਣਾ ਪਸੰਦ ਨਹੀਂ ਕਰਨਗੇ। 2024 ਦੀਆਂ ਲੋਕ ਸਭਾ ਚੋਣਾਂ ਤੋਂ ਨੌਕਰਸ਼ਾਹ ਵੀ ਵਧੇਰੇ ਆਰਾਮਦਾਇਕ ਸਥਿਤੀ ਵਿਚ ਹਨ। ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਸਹਿਕਰਮੀ ਸਰਕਾਰ ਦੀ ਆਲੋਚਨਾ ਕਰਨ ਜਾਂ ਉਸ ਦਾ ਮਜ਼ਾਕ ਉਡਾਉਣ ਤੋਂ ਬਾਜ਼ ਨਹੀਂ ਆਉਂਦੇ, ਖਾਸ ਕਰ ਕੇ ਆਪਣੇ ਵੱਖ-ਵੱਖ ਵ੍ਹਟਸਐਪ ਗਰੁੱਪਾਂ ਵਿਚ।
ਇਕ ਹੋਰ ਗੱਲ ਧਿਆਨ ਦੇਣ ਯੋਗ ਹੈ ਕਿ ਭਾਜਪਾ ਦੇ ਕਈ ਨੇਤਾ ਵੀ ਜਨਤਕ ਤੌਰ ’ਤੇ ਆਪਣੇ ਵਿਚਾਰ ਪ੍ਰਗਟ ਕਰਨ ਲੱਗੇ ਹਨ ਜਿਨ੍ਹਾਂ ਵਿਚ ਸੀਨੀਅਰ ਆਗੂ ਵਿਚ ਸ਼ਾਮਲ ਹਨ। ਇਹ ਬਦਲਾਅ ਹੈਰਾਨੀਜਨਕ ਹੈ ਅਤੇ ਜਿਸ ਤਰ੍ਹਾਂ ਦੀ ਬਗਾਵਤ ਹਰਿਆਣਾ ਅਤੇ ਹੋਰ ਸੂਬਿਆਂ ਵਿਚ ਦੇਖਣ ਨੂੰ ਮਿਲ ਰਹੀ ਹੈ, ਅਜਿਹੀ ਬਗਾਵਤ ਪਹਿਲਾਂ ਕਦੇ ਨਹੀਂ ਦੇਖੀ ਗਈ। ਸੂਬਿਆਂ ਵਿਚ ਭਾਜਪਾ ਆਗੂ ਹਾਈਕਮਾਨ ਦੀ ਗੱਲ ਨਹੀਂ ਸੁਣ ਰਹੇ ਹਨ ਅਤੇ ਰਾਵ ਇੰਦਰਜੀਤ ਸਿੰਘ, ਰਾਜ ਮੰਤਰੀ (ਸੁਤੰਤਰ ਚਾਰਜ) ਸਮੇਤ ਕੁਝ ਮੰਤਰੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ।