ਕਿਸਾਨਾਂ ਨੂੰ ਹਰ ਮਹੀਨੇ 3000 ਰੁਪਏ ਪੈਨਸ਼ਨ! ਜਾਣੋਂ PM-KMY ਰਾਹੀਂ ਕਿਵੇਂ ਕਰਨਾ ਹੈ ਅਪਲਾਈ

Friday, Apr 24, 2026 - 03:11 PM (IST)

ਕਿਸਾਨਾਂ ਨੂੰ ਹਰ ਮਹੀਨੇ 3000 ਰੁਪਏ ਪੈਨਸ਼ਨ! ਜਾਣੋਂ PM-KMY ਰਾਹੀਂ ਕਿਵੇਂ ਕਰਨਾ ਹੈ ਅਪਲਾਈ

ਨਵੀਂ ਦਿੱਲੀ: ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ 'ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ' ਚਲਾਈ ਜਾ ਰਹੀ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਬੁਢਾਪੇ ਵਿੱਚ ਨਿਯਮਤ ਆਮਦਨ ਦਾ ਸਹਾਰਾ ਦੇਣਾ ਹੈ।

60 ਸਾਲ ਤੋਂ ਬਾਅਦ ਮਿਲੇਗੀ ਪੈਨਸ਼ਨ
ਸਰੋਤਾਂ ਅਨੁਸਾਰ, ਇਸ ਯੋਜਨਾ ਤਹਿਤ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਕਿਸਾਨਾਂ ਨੂੰ ਹਰ ਮਹੀਨੇ 3000 ਰੁਪਏ ਦੀ ਨਿਸ਼ਚਿਤ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕਿਸਾਨਾਂ ਦੀ ਸਾਲਾਨਾ 36,000 ਰੁਪਏ ਦੀ ਆਮਦਨ ਯਕੀਨੀ ਹੁੰਦੀ ਹੈ। ਇਹ ਯੋਜਨਾ ਖਾਸ ਤੌਰ 'ਤੇ ਉਨ੍ਹਾਂ ਕਿਸਾਨਾਂ ਲਈ ਹੈ ਜਿਨ੍ਹਾਂ ਕੋਲ ਸੀਮਤ ਖੇਤੀਯੋਗ ਜ਼ਮੀਨ ਹੈ।

ਯੋਗਤਾ ਤੇ ਯੋਗਦਾਨ
ਇਸ ਪੈਨਸ਼ਨ ਯੋਜਨਾ 'ਚ 18 ਤੋਂ 40 ਸਾਲ ਦੀ ਉਮਰ ਦੇ ਕਿਸਾਨ ਸ਼ਾਮਲ ਹੋ ਸਕਦੇ ਹਨ। ਕਿਸਾਨਾਂ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਹਰ ਮਹੀਨੇ 55 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦਾ ਯੋਗਦਾਨ ਪਾਉਣਾ ਪੈਂਦਾ ਹੈ। ਜਿੰਨੀ ਰਾਸ਼ੀ ਕਿਸਾਨ ਜਮ੍ਹਾ ਕਰੇਗਾ, ਉਨੀ ਹੀ ਰਾਸ਼ੀ ਸਰਕਾਰ ਵੀ ਆਪਣੇ ਹਿੱਸੇ ਵਜੋਂ ਜੋੜੇਗੀ। ਇਹ ਯੋਗਦਾਨ 60 ਸਾਲ ਦੀ ਉਮਰ ਤੱਕ ਜਮ੍ਹਾ ਹੁੰਦਾ ਰਹਿੰਦਾ ਹੈ, ਜਿਸ ਤੋਂ ਬਾਅਦ ਕਿਸਾਨ ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਤੇ ਪੈਨਸ਼ਨ ਸ਼ੁਰੂ ਹੋ ਜਾਂਦੀ ਹੈ।

PM ਕਿਸਾਨ ਦੇ ਲਾਭਪਾਤਰੀਆਂ ਨੂੰ ਦੋਹਰਾ ਫਾਇਦਾ
ਜਿਹੜੇ ਕਿਸਾਨ ਪਹਿਲਾਂ ਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਹਨ, ਉਹ ਵੀ ਇਸ ਯੋਜਨਾ ਨਾਲ ਆਸਾਨੀ ਨਾਲ ਜੁੜ ਸਕਦੇ ਹਨ। ਅਜਿਹੇ ਕਿਸਾਨ ਸਨਮਾਨ ਨਿਧੀ ਤਹਿਤ ਮਿਲਣ ਵਾਲੀ 6000 ਰੁਪਏ ਦੀ ਸਾਲਾਨਾ ਰਾਸ਼ੀ 'ਚੋਂ ਹੀ ਪੈਨਸ਼ਨ ਦਾ ਪ੍ਰੀਮੀਅਮ ਕਟਵਾ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਆਪਣੀ ਜੇਬ ਵਿੱਚੋਂ ਵੱਖਰੇ ਪੈਸੇ ਖਰਚਣ ਦੀ ਲੋੜ ਨਹੀਂ ਪਵੇਗੀ।

ਰਜਿਸਟ੍ਰੇਸ਼ਨ ਦੀ ਪ੍ਰਕਿਰਿਆ
ਇਸ ਯੋਜਨਾ ਦਾ ਸੰਚਾਲਨ ਐੱਲਆਈਸੀ (LIC) ਰਾਹੀਂ ਕੀਤਾ ਜਾਂਦਾ ਹੈ। ਕਿਸਾਨ ਇਸ ਲਈ ਆਨਲਾਈਨ ਜਾਂ ਆਪਣੇ ਨਜ਼ਦੀਕੀ ਸੀਐੱਸਸੀ (CSC) ਕੇਂਦਰ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਆਧਾਰ ਕਾਰਡ, ਬੈਂਕ ਖਾਤੇ ਦਾ ਵੇਰਵਾ ਅਤੇ ਜ਼ਮੀਨ ਨਾਲ ਜੁੜੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਕਿਸਾਨਾਂ ਨੂੰ ਇੱਕ ਪੈਨਸ਼ਨ ਕਾਰਡ ਵੀ ਜਾਰੀ ਕੀਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News