50 ਫੀਸਦੀ ਬੱਚਿਆਂ ਨੂੰ ਲੱਗੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, PM ਮੋਦੀ ਬੋਲੇ- ਇਹ ਉਤਸ਼ਾਹਤ ਕਰਨ ਵਾਲੀ ਖ਼ਬਰ
Wednesday, Jan 19, 2022 - 10:13 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15-18 ਸਾਲ ਦੀ ਉਮਰ ਦੇ 50 ਫੀਸਦੀ ਬੱਚਿਆਂ ਨੂੰ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੇ ਜਾਣ ਨੂੰ ਇਕ ਉਤਸ਼ਾਹਤ ਕਰਨ ਵਾਲੀ ਖ਼ਬਰ ਦੱਸਿਆ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਨੂੰ ਟੀਕਾਕਰਨ ਦੀ ਇਸ ਰਫ਼ਤਾਰ ਨੂੰ ਬਣਾਏ ਰੱਖਣਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਭਾਰਤ ਨੇ 15-18 ਸਾਲ ਦੀ ਉਮਰ ਦੇ 50 ਫੀਸਦੀ ਬੱਚਿਆਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ ਦੇ ਦਿੱਤੀ ਹੈ।
ਮਾਂਡਵੀਆ ਦੇ ਇਸ ਟਵੀਟ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਮੋਦੀ ਨੇ ਕਿਹਾ,''ਨੌਜਵਾਨ ਭਾਰਤ ਰਸਤਾ ਦਿਖਾ ਰਹੇ ਹਨ। ਇਹ ਉਤਸ਼ਾਹਤ ਕਰਨ ਵਾਲੀ ਖ਼ਬਰ ਹੈ। ਸਾਨੂੰ ਸਾਰਿਆਂ ਨੂੰ ਇਸ ਗਤੀ ਨੂੰ ਬਣਾਏ ਰੱਖਣਾ ਹੈ। ਟੀਕਾ ਲੈਣਾ ਮਹੱਤਵਪੂਰਨ ਹੈ ਅਤੇ ਨਾ ਹੀ ਕੋਰੋਨਾ ਤੋਂ ਬਚਾਅ ਦੇ ਸਾਰੇ ਨਿਯਮਾਂ ਦੀ ਪਾਲਣਾ ਵੀ ਕਰਨੀ ਹੈ। ਅਸੀਂ ਨਾਲ ਮਿਲ ਕੇ ਇਸ ਮਹਾਮਾਰੀ ਦਾ ਮੁਕਾਬਲਾ ਕਰਾਂਗੇ।'' ਦੱਸਣਯੋਗ ਹੈ ਕਿ ਇਸ ਸਾਲ ਤਿੰਨ ਜਨਵਰੀ ਤੋਂ 15-18 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ