ਮੱਧ ਪ੍ਰਦੇਸ਼ 'ਚ ਪਲਾਜ਼ਮਾ ਥੈਰੇਪੀ ਸਫਲ, ਕੋਰੋਨਾ ਦੇ 3 ਮਰੀਜ਼ ਠੀਕ ਹੋ ਕੇ ਪਰਤੇ ਘਰ

05/07/2020 2:26:53 PM

ਇੰਦੌਰ-ਕੋਰੋਨਾ ਦੇ ਕਹਿਰ ਦੌਰਾਨ ਮੱਧ ਪ੍ਰਦੇਸ਼ ਤੋਂ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਲਾਜ਼ਮਾ ਥੈਰੇਪੀ ਨਾਲ ਇੱਥੇ 3 ਮਰੀਜ਼ ਠੀਕ ਹੋ ਕੇ ਘਰ ਵਾਪਸ ਪਰਤ ਗਏ ਹਨ। ਦਰਅਸਲ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਦੇ ਦੋ ਜ਼ਿਲੇ- ਇੰਦੌਰ ਅਤੇ ਭੋਪਾਲ 'ਚ ਮਰੀਜ਼ਾ ਦਾ ਪਲਾਜ਼ਮਾ ਥੈਰੇਪੀ ਨਾਲ ਇਲਾਜ ਕੀਤਾ ਗਿਆ ਸੀ। ਬੁੱਧਵਾਰ ਨੂੰ 3 ਮਰੀਜ਼ ਠੀਕ ਹੋਣ ਤੋਂ ਬਾਅਦ ਹੁਣ ਇਸ ਥੈਰੇਪੀ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਦੱਸਿਆ ਗਿਆ ਹੈ ਕਿ ਪਹਿਲਾ ਇਹ 3 ਪੀੜਤ ਮਰੀਜ਼ ਸਾਧਾਰਨ ਇਲਾਜ ਨਾਲ ਠੀਕ ਨਹੀਂ ਹੋ ਰਹੇ ਸੀ। ਇਨ੍ਹਾਂ ਦੀ ਸਥਿਤੀ ਨਾ ਸੁਧਰਨ 'ਤੇ ਹੀ ਇਨ੍ਹਾਂ ਨੂੰ ਠੀਕ ਹੋਏ ਮਰੀਜ਼ਾਂ ਦਾ ਪਲਾਜ਼ਮਾ ਚੜ੍ਹਾਇਆ ਗਿਆ। ਇਸ ਤੋਂ ਬਾਅਦ ਲਗਾਤਾਰ ਇਨ੍ਹਾਂ ਦੀ ਸਿਹਤ 'ਚ ਸੁਧਾਰ ਹੋਣ ਲੱਗਾ। 

ਤੁਹਾਨੂੰ ਦੱਸ ਦੇਈਏ ਕਿ ਆਫਤ ਨਾਲ ਜੂਝ ਰਹੇ ਮੱਧ ਪ੍ਰਦੇਸ਼ 'ਚ ਸਰਕਾਰ ਨੇ ਸ਼ੁਰੂਆਤ 'ਚ ਇੰਦੌਰ ਦੇ ਅਰਬਿੰਦੋ ਹਸਪਤਾਲ ਨੂੰ ਪਲਾਜ਼ਮਾ ਥੈਰੇਪੀ ਦੀ ਆਗਿਆ ਦਿੱਤੀ ਸੀ। ਕੋਰੋਨਾ ਨਾਲ ਠੀਕ ਹੋਏ 2 ਡਾਕਟਰਾਂ ਨੇ ਅਰਬਿੰਦੋ ਹਸਪਤਾਲ 'ਚ ਪਲਾਜ਼ਮਾ ਡੋਨੇਟ ਕੀਤਾ, ਜਿਸ ਨੂੰ ਅਰਬਿੰਦੋ 'ਚ ਹੀ ਭਰਤੀ ਅਨੀਸ਼ਾ ਜੈਨ, ਪ੍ਰਿਆਲ ਜੈਨ ਅਤੇ ਕਪਿਲਦੇਵ ਭੱਲਾ ਨੂੰ 26 ਅਪ੍ਰੈਲ ਨੂੰ ਚੜ੍ਹਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਪਲਾਜ਼ਮਾ ਥੈਰੇਪੀ ਨੇ 4 ਦਿਨਾਂ ਬਾਅਦ ਹੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਖਤਰਨਾਕ ਇਨਫੈਕਸ਼ਨ ਦੀ ਚਪੇਟ 'ਚ ਆਏ 3 ਮਰੀਜ਼ਾਂ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋਣ ਲੱਗਾ ਹੈ।

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ 'ਚ ਕੋਰੋਨਾ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ 'ਚ 89 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਸੂਬੇ 'ਚ ਕੋਰੋਨਾ ਪਾਜ਼ੇਟਿਵ ਮਾਮਲੇ ਵੱਧ ਕੇ 3138 ਤੱਕ ਪਹੁੰਚ ਗਏ ਹਨ। ਇਨ੍ਹਾਂ 'ਚੋਂ 1854 ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ 185 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਦੇਸ਼ ਭਰ 'ਚ ਕੋਰੋਨਾਵਾਇਰਸ ਪੀੜਤ ਸੂਬਿਆਂ 'ਚ ਮੱਧ ਪ੍ਰਦੇਸ਼ ਦਾ 6ਵਾਂ ਨੰਬਰ ਹੈ। ਸੂਬੇ 'ਚ ਸਭ ਤੋਂ ਜਿਆਦਾ ਇੰਦੌਰ, ਭੋਪਾਲ ਅਤੇ ਉਜੈਨ 'ਚ ਕੋਰੋਨਾ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਹਿਲੇ ਨੰਬਰ 'ਤੇ ਪਹੁੰਚੇ ਇੰਦੌਰ 'ਚ ਹੁਣ ਤੱਕ 1681 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 81 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਭੋਪਾਲ 'ਚ ਵੀ 605 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 20 ਲੋਕਾਂ ਦੀ ਜਾਨ ਜਾ ਚੁੱਕੀ ਹੈ।


Iqbalkaur

Content Editor

Related News