ਚੌਥਾ ਬੱਚਾ ਪੈਦਾ ਕਰਨ ''ਤੇ 21 ਹਜ਼ਾਰ ਤੇ 5ਵੇਂ ''ਤੇ 31 ਹਜ਼ਾਰ ਦਾ ਇਨਾਮ! ਹਿੰਦੂ ਰੱਖਿਆ ਦਲ ਪ੍ਰਧਾਨ ਦਾ ਵੱਡਾ ਐਲਾਨ
Saturday, Jan 31, 2026 - 03:45 PM (IST)
ਗਾਜ਼ੀਆਬਾਦ : ਹਿੰਦੂ ਰੱਖਿਆ ਦਲ ਦੇ ਪ੍ਰਧਾਨ ਭੂਪੇਂਦਰ ਉਰਫ਼ ਪਿੰਕੀ ਚੌਧਰੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਤਲਵਾਰਾਂ ਵੰਡਣ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਏ ਪਿੰਕੀ ਚੌਧਰੀ ਨੇ ਹੁਣ ਹਿੰਦੂ ਸਮਾਜ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕਰਦਿਆਂ ਵੱਡੇ ਵਿੱਤੀ ਇਨਾਮਾਂ ਦਾ ਐਲਾਨ ਕੀਤਾ ਹੈ।
ਵਿੱਤੀ ਸਹਾਇਤਾ ਤੇ ਪੜ੍ਹਾਈ ਦਾ ਖਰਚਾ
ਪਿੰਕੀ ਚੌਧਰੀ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਜਾਰੀ ਕਰਦਿਆਂ ਐਲਾਨ ਕੀਤੇ ਹਨ ਕਿ ਜਿਹੜਾ ਹਿੰਦੂ ਪਰਿਵਾਰ ਚੌਥਾ ਬੱਚਾ ਪੈਦਾ ਕਰੇਗਾ, ਉਸ ਨੂੰ ਸੰਗਠਨ ਵੱਲੋਂ 21 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪੰਜਵਾਂ ਬੱਚਾ ਹੋਣ 'ਤੇ 31 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਚੌਥੇ ਅਤੇ ਪੰਜਵੇਂ ਬੱਚੇ ਦੀ ਪੜ੍ਹਾਈ ਦਾ ਸਾਰਾ ਖਰਚਾ ਵੀ ਉਹਨਾਂ ਦਾ ਸੰਗਠਨ ਹੀ ਚੁੱਕੇਗਾ।
ਛੋਟੇ ਪਰਿਵਾਰਾਂ 'ਤੇ ਜਤਾਈ ਚਿੰਤਾ
ਵੀਡੀਓ 'ਚ ਪਿੰਕੀ ਚੌਧਰੀ ਨੇ ਕਿਹਾ ਕਿ ਅੱਜ-ਕੱਲ੍ਹ ਹਿੰਦੂ ਪਰਿਵਾਰ ਸਿਰਫ਼ ਇੱਕ ਜਾਂ ਦੋ ਬੱਚੇ ਹੀ ਪੈਦਾ ਕਰ ਰਹੇ ਹਨ, ਜੋ ਦੇਸ਼ ਦੇ ਭਵਿੱਖ ਲਈ ਠੀਕ ਨਹੀਂ ਹੈ। ਉਹਨਾਂ ਦਾਅਵਾ ਕੀਤਾ ਕਿ ਦੂਜੇ ਭਾਈਚਾਰਿਆਂ ਵਿੱਚ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹਿੰਦੂ ਪਰਿਵਾਰ ਨੂੰ ਆਰਥਿਕ ਤੰਗੀ ਹੈ ਤਾਂ ਉਨ੍ਹਾਂ ਦਾ ਸੰਗਠਨ ਪੂਰੀ ਮਦਦ ਕਰੇਗਾ।
ਵਿਵਾਦਾਂ ਨਾਲ ਪੁਰਾਣਾ ਨਾਤਾ
ਦੱਸਣਯੋਗ ਹੈ ਕਿ ਪਿੰਕੀ ਚੌਧਰੀ ਪਹਿਲਾਂ ਵੀ ਵਿਵਾਦਾਂ ਵਿੱਚ ਰਹੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਸੰਗਠਨ ਵੱਲੋਂ ਤਲਵਾਰਾਂ ਵੰਡਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਸੀ। ਇਸ ਮਾਮਲੇ ਵਿੱਚ ਪੁਲਸ ਨੇ 16 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕੀਤੀ ਸੀ ਅਤੇ ਪਿੰਕੀ ਚੌਧਰੀ ਸਮੇਤ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਪਿੰਕੀ ਚੌਧਰੀ ਅਨੁਸਾਰ, ਬੰਗਲਾਦੇਸ਼ ਵਰਗੇ ਹਾਲਾਤ ਨੂੰ ਦੇਖਦੇ ਹੋਏ ਹਿੰਦੂ ਸਮਾਜ ਦੀ ਰੱਖਿਆ ਲਈ ਇਹ ਕਦਮ ਚੁੱਕਿਆ ਗਿਆ ਸੀ। ਫਿਲਹਾਲ, ਵੱਧ ਬੱਚੇ ਪੈਦਾ ਕਰਨ 'ਤੇ ਨਕਦ ਇਨਾਮ ਦੇਣ ਵਾਲਾ ਇਹ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
