ਯੂ.ਪੀ. ਦੀ ਵੋਟਿੰਗ ਸੂਚੀ ''ਚ ਸਨੀ ਲਿਓਨੀ ਦੀ ਤਸਵੀਰ, ਜਾਂਚ ਦੇ ਆਦੇਸ਼
Saturday, Aug 25, 2018 - 10:03 PM (IST)

ਲਖਨਊ—ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੀ ਸਦਰ ਤਹਿਸੀਲ ਦੀ ਵੋਟਰ ਸੂਚੀ 'ਚ ਗੜਬੜੀ ਦੀਆਂ ਸ਼ਿਕਾਇਤਾਂ ਸਾਹਮਣੇ ਆਈਆ ਹਨ। ਕਰਮਚਾਰੀ ਚੋਣ ਸਿਸਟਮ ਦਾ ਕਿਸ ਤਰ੍ਹਾਂ ਮਜ਼ਾਕ ਬਣਾ ਰਹੇ ਹਨ, ਇਸ ਦੀ ਤਾਜ਼ਾ ਉਦਾਹਰਣ ਸਾਹਮਣੇ ਆਈ ਹੈ। ਵੋਟਰ ਸੂਚੀ 'ਤ ਵੋਟਰ ਦੀ ਤਸਵੀਰ ਦੀ ਜਗ੍ਹਾ ਪਸ਼ੂ-ਪੰਛੀਆਂ ਦੇ ਚਿੱਤਰ ਅਤੇ ਮਹਿਲਾ ਵੋਟਰ ਦੀ ਤਸਵੀਰ ਦੇ ਸਥਾਨ 'ਤੇ ਅਭਿਨੇਤਰੀ ਸਨੀ ਲਿਓਨੀ ਦੀ ਤਸਵੀਰ ਲਗਾਈ ਗਈ ਹੈ।
ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਵਰਤਮਾਨ ਸਮੇਂ 'ਚ ਯੂ.ਪੀ. ਦੇ ਸਮਸਤ ਜ਼ਿਲਿਆਂ 'ਚ ਵੋਟਿੰਗ ਸਥਾਨ ਅਤੇ ਵੋਟਰ ਸੂਚੀ ਦੇ ਏਕੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਵੋਟਰ ਸੂਚੀ ਦਾ ਪ੍ਰਕਾਸ਼ਨ ਇਕ ਸਿਤੰਬਰ ਨੂੰ ਹੋਣਾ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਬਲੀਆ ਦੇ ਨਗਰ ਵਿਧਾਨ ਸਭਾ ਖੇਤਰ 'ਚ ਭਾਗ ਗਿਣਤੀ 33 ਅਤੇ 95 'ਚ ਕੁਝ ਸਥਾਨਾਂ 'ਤੇ ਪਸ਼ੂ-ਪੰਛੀਆਂ ਅਤੇ ਵੋਟਰਾਂ ਦੀ ਜਗ੍ਹਾ ਇਕ ਹੋਰ ਮਹਿਲਾ ਦੀ ਤਸਵੀਰ ਲੱਗੀ ਹੋਈ ਹੈ। ਇਸ ਤਰ੍ਹਾਂ ਦੀ ਗਲਤੀ ਕੁਲ ਚਾਰ ਵੋਟਰਾਂ ਨਾਲ ਪਾਈ ਗਈ ਹੈ। ਇਹ ਸੂਚਨਾ 11 ਅਗਸਤ ਨੂੰ ਹੀ ਉਪਲੱਬਧ ਕਰਵਾ ਦਿੱਤੀ ਗਈ ਸੀ।
ਇਸ ਪੂਰੇ ਮਾਮਲੇ 'ਤੇ ਅਖਿਲੇਸ਼ ਯਾਦਵ ਨੇ ਵੀ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕੀਤਾ, 'ਬਲੀਆ ਦੀ ਵੋਟਰ ਸੂਚੀ 'ਚ ਹੀਰੋਇਨ, ਹਾਥੀ ਅਤੇ ਹਿਰਣ ਦੀ ਤਸਵੀਰ ਛਾਪਣਾ ਲੋਕਤੰਤਰ ਦਾ ਮਜ਼ਾਕ ਉਡਾਉਣ ਵਰਗਾ ਕੰਮ ਹੈ। ਸਰਕਾਰ ਜ਼ਿੰਮੇਦਾਰੀ ਲੈਂਦੇ ਹੋਏ ਨਵੇਂ ਸਿਰੇ ਤੋਂ ਵੋਟਰ ਸੂਚੀ ਬਣਾਏ। ਜਿਸ 'ਚ ਸਹੀ ਨਾਮ, ਪਤਾ, ਤਸਵੀਰ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣਾਂ ਦਾ ਡਿਜੀਟਲੀਕਰਣ ਅਤੇ ਈ.ਵੀ.ਐੱਮ. ਦਾ ਉਪਯੋਗ ਲੋਕਤੰਤਰ ਲਈ ਘਾਤਕ ਸਾਬਿਤ ਹੋਵੇਗਾ।
ਦੂਜੇ ਪਾਸੇ ਮੁੱਖ ਚੋਣ ਅਧਿਕਾਰੀ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਸ਼ੁਰੂਆਤੀ ਤੌਰ 'ਤੇ ਪਾਇਆ ਗਿਆ ਕਿ ਸੰਬੰਧਿਤ ਵਿਧਾਨਸਭਾ ਖੇਤਰ 'ਚ ਵਰਕਿੰਗ ਡਾਟਾ ਆਪਰੇਟਰ ਵਿਸ਼ਣੂਦੇਵ ਸ਼ਰਮਾ ਨੇ ਜਾਣਬੂਝ ਕੇ ਵੋਟਰ ਸੂਚੀ ਨੂੰ ਗਲਤ ਕਰਨ ਦੀ ਉਦੇਸ਼ ਨਾਲ ਉਸ ਨਾਲ ਛੇੜਛਾੜ ਕੀਤੀ।
ਮੁੱਖ ਚੋਣ ਅਧਿਕਾਰੀ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਬਾਅਦ ਵਿਸ਼ਣੂਦੇਵ ਸ਼ਰਮਾ ਖਿਲੀਫ ਆਈ.ਪੀ.ਸੀ. ਦੀ ਧਾਰਾ 419, 420, 467, 468 ਦੇ ਅਧੀਨ 19 ਅਗਸਤ ਨੂੰ ਹੀ ਐੱਫ.ਆਈ.ਆਰ. ਦਰਜ ਕਰਵਾਈ ਗਈ ਸੀ। ਇਸ ਮਾਮਲੇ 'ਚ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ। ਵੋਟਰ ਸੂਚੀ ਨਾਲ ਕੀਤੀ ਗਈ ਛੇੜਛਾੜ ਨੂੰ ਸਹੀ ਕਰ ਦਿੱਤਾ ਗਿਆ ਹੈ ਅਤੇ 1 ਸਿਤੰਬਰ ਨੂੰ ਵੋਟਰ ਸੂਚੀ ਦੇ ਪ੍ਰਕਾਸ਼ਨ ਦੌਰਾਨ ਵੋਟਰਾਂ ਦੀ ਸਹੀ ਤਸਵੀਰ ਪ੍ਰਕਾਸ਼ਿਤ ਕੀਤੀ ਜਾਵੇਗੀ।