PFI ਸਾਜ਼ਿਸ਼ ਮਾਮਲਾ: NIA ਨੇ 5 ਸੂਬਿਆਂ ’ਚ ਮਾਰੇ ਛਾਪੇ, ਇਤਰਾਜ਼ਯੋਗ ਸਮੱਗਰੀ ਜ਼ਬਤ

Monday, Aug 14, 2023 - 05:29 PM (IST)

PFI ਸਾਜ਼ਿਸ਼ ਮਾਮਲਾ: NIA ਨੇ 5 ਸੂਬਿਆਂ ’ਚ ਮਾਰੇ ਛਾਪੇ, ਇਤਰਾਜ਼ਯੋਗ ਸਮੱਗਰੀ ਜ਼ਬਤ

ਨਵੀਂ ਦਿੱਲੀ (ਅਨਸ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਲੋਕਾਂ ਵਿਚਾਲੇ ਫਿਰਕੂ ਭਾਵਨਾ ਪੈਦਾ ਕਰ ਕੇ ਸ਼ਾਂਤੀ ਭੰਗ ਕਰਨ ਅਤੇ ਦੇਸ਼ ਨੂੰ ਅਸਥਿਰ ਕਰਨ ਦੀ ਪਾਪੁਲਰ ਫਰੰਟ ਆਫ ਇੰਡੀਆ (ਪੀ. ਐੱਫ. ਆਈ.) ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਦੀਆਂ ਆਪਣੀਆਂ ਲਗਾਤਾਰ ਕੋਸ਼ਿਸ਼ਾਂ ਦੇ ਤਹਿਤ ਬੀਤੇ ਦਿਨ 5 ਸੂਬਿਆਂ ’ਚ ਛਾਪੇਮਾਰੀ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੰਘੀ ਏਜੰਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਕੇਰਲ, ਕਰਨਾਟਕ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਬਿਹਾਰ ’ਚ 14 ਥਾਵਾਂ ਦੀ ਤਲਾਸ਼ੀ ਲਈ ਗਈ, ਜਿਸ ’ਚ ਕਈ ਡਿਜੀਟਲ ਉਪਕਰਣਾਂ ਦੇ ਨਾਲ-ਨਾਲ ਇਤਰਾਜ਼ਯੋਗ ਦਸਤਾਵੇਜ਼ ਵੀ ਜ਼ਬਤ ਕੀਤੇ ਗਏ।

ਐੱਨ. ਆਈ. ਏ. ਨੇ ਕੇਰਲ ਦੇ ਕੰਨੂਰ ਅਤੇ ਮਾਲੱਪੁਰਮ ਜ਼ਿਲਿਆਂ, ਕਰਨਾਟਕ ਦੇ ਦੱਖਣ ਕੰਨੜ, ਮਹਾਰਾਸ਼ਟਰ ਦੇ ਨਾਸਿਕ ਅਤੇ ਕੋਲ੍ਹਾਪੁਰ, ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਅਤੇ ਬਿਹਾਰ ਦੇ ਕਟਿਹਾਰ ’ਚ ਛਾਪੇਮਾਰੀ ਕੀਤੀ। ਬੁਲਾਰੇ ਨੇ ਕਿਹਾ, ‘‘ਐੱਨ. ਆਈ. ਏ. ਅੱਤਵਾਦ, ਹਿੰਸਾ ਅਤੇ ਤੋੜਭੰਨ੍ਹ ਦੀਆਂ ਗਤੀਵਿਧੀਆਂ ਰਾਹੀਂ 2047 ਤੱਕ ਭਾਰਤ ’ਚ ਇਸਲਾਮਿਕ ਸ਼ਾਸਨ ਸਥਾਪਤ ਕਰਨ ਲਈ ਇਕ ਹਥਿਆਰਬੰਦ ਕੇਡਰ ਬਣਾਉਣ ਦੀਆਂ ਪੀ. ਐੱਫ. ਆਈ. ਅਤੇ ਉਸ ਦੀ ਸਿਖਰਲੀ ਲੀਡਰਸ਼ਿਪ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕਰਨ ਅਤੇ ਅਸਫਲ ਕਰਨ ਲਈ ਕੰਮ ਕਰ ਰਹੀ ਹੈ।’’

ਉਨ੍ਹਾਂ ਕਿਹਾ, ‘‘ਪੀ. ਐੱਫ. ਆਈ. ਸਮਾਜ ਦੇ ਕੁਝ ਵਰਗਾਂ ਦੇ ਖਿਲਾਫ ਲੜਾਈ ਛੇੜ ਕੇ ਆਪਣੇ ਭਾਰਤ ਵਿਰੋਧੀ ਹਿੰਸਕ ਏਜੰਡੇ ਨੂੰ ਅੱਗੇ ਵਧਾਉਣ ਲਈ ਭੋਲੇ-ਭਾਲੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਉਨ੍ਹਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਦੀ ਸਾਜ਼ਿਸ਼ ਰਚ ਰਿਹਾ ਹੈ।’’ ਅਧਿਕਾਰੀ ਨੇ ਕਿਹਾ ਕਿ ਏਜੰਸੀ ਨੂੰ ਸ਼ੱਕ ਹੈ ਕਿ ਕਈ ਦਰਮਿਆਨੇ ਪੱਧਰ ਦੇ ਪੀ. ਐੱਫ. ਆਈ. ਮੈਂਬਰ ‘ਟ੍ਰੇਨਰ’ ਦੇ ਰੂਪ ’ਚ ਕੰਮ ਕਰ ਰਹੇ ਹਨ, ਜੋ ਆਪਣੇ ਬਹੁਤ ਜ਼ਿਆਦਾ ਕੱਟੜਪੰਥੀ ਕੇਡਰ ਲਈ ਵੱਖ-ਵੱਖ ਸੂਬਿਆਂ ’ਚ ਹਥਿਆਰਾਂ ਦੀ ਸਿਖਲਾਈ ਲਈ ਕੈਂਪ ਆਯੋਜਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਐੱਨ. ਆਈ. ਏ. ਛਾਪੇਮਾਰੀ ਦੀ ਕਾਰਵਾਈ ਕਰ ਰਹੀ ਹੈ।


author

Tanu

Content Editor

Related News